ਜਲੰਧਰ, 19 ਫਰਵਰੀ, 2017 : ਪੰਜਾਬ ਜਾਗ੍ਰਿਤੀ ਮੰਚ ਜਲੰਧਰ ਅਤੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਵਸ 'ਤੇ 21 ਫਰਵਰੀ, ਮੰਗਲਵਾਰ ਨੂੰ ਲਾਇਲਪੁਰ ਖਾਲਸਾ ਸਕੂਲ ਨਕੋਦਰ ਚੌਕ ਤੋਂ ਸਵੇਰੇ 10.30 ਵਜੇ ਦੇਸ਼ ਭਗਤ ਯਾਦਗਾਰ ਹਾਲ ਤੱਕ ਕੀਤੇ ਜਾਣ ਵਾਲੇ 'ਪੰਜਾਬੀ ਜਾਗ੍ਰਿਤੀ ਮਾਰਚ' ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਪੰਜਾਬ ਜਾਗ੍ਰਿਤੀ ਮੰਚ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਇਥੇ ਬੁਲਾਈ ਗਈ ਇਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਵਿਚ ਦਿੱਤੀ ਗਈ।
ਪੰਜਾਬ ਜਾਗ੍ਰਿਤੀ ਮੰਚ ਦੇ ਅਹੁਦੇਦਾਰਾਂ ਅਤੇ ਵੱਖ-ਵੱਖ ਸਹਿਯੋਗੀ ਜਥੇਬੰਦੀਆਂ ਵੱਲੋਂ ਮੰਚ ਦੇ ਜਨਰਲ ਸਕੱਤਰ ਸ੍ਰੀ ਸਤਨਾਮ ਸਿੰਘ ਮਾਣਕ ਤੇ ਸਕੱਤਰ ਸ੍ਰੀ ਦੀਪਕ ਬਾਲੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ, ਡਾ. ਬੀ.ਐੱਸ. ਗਿੱਲ (ਸਲਾਹਕਾਰ ਸਿਹਤ ਸੇਵਾਵਾਂ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ), ਸ੍ਰੀ ਵਿਨੋਦ ਭੱਲਾ, ਸਰਬੱਤ ਦਾ ਭਲਾ ਟਰੱਸਟ (ਜਲੰਧਰ) ਦੇ ਪ੍ਰਧਾਨ ਅਮਰਜੋਤ ਸਿੰਘ ਨੇ ਦੱਸਿਆ ਕਿ ਇਹ ਮਾਰਚ ਪੰਜਾਬੀਆਂ ਵਿਚ ਆਪਣੀ ਮਾਂ-ਬੋਲੀ ਪੰਜਾਬੀ ਪ੍ਰਤੀ ਜਾਗ੍ਰਿਤੀ ਪੈਦਾ ਕਰਨ ਅਤੇ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਪਾਲਿਕਾ ਵਿਚ ਪੰਜਾਬੀ ਨੂੰ ਉਸ ਦਾ ਬਣਦਾ ਯੋਗ ਸਥਾਨ ਦੁਆਉਣ ਲਈ ਕੀਤਾ ਜਾ ਰਿਹਾ ਹੈ। ਮੰਚ ਦੇ ਆਗੂਆਂ ਨੇ ਕਿਹਾ ਕਿ ਭਾਵੇਂ 1 ਨਵੰਬਰ, 1966 ਵਿਚ ਪੰਜਾਬੀ ਬੋਲੀ ਦੇ ਆਧਾਰ 'ਤੇ ਪੰਜਾਬੀ ਸੂਬੇ ਦੀ ਸਥਾਪਨਾ ਹੋ ਗਈ ਸੀ ਪਰ ਸਿੱਖਿਆ, ਨਿਆਂ ਪਾਲਿਕਾ ਅਤੇ ਪ੍ਰਸ਼ਾਸਨ ਵਿਚ ਪੰਜਾਬੀ ਨੂੰ ਪੂਰੀ ਤਰ੍ਹਾਂ ਲਾਗੂ ਨਾ ਕੀਤੇ ਜਾਣ ਕਾਰਨ ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਪੰਜਾਬੀ ਜ਼ਬਾਨ ਅਤੇ ਪੰਜਾਬੀ ਸੱਭਿਆਚਾਰ ਨੂੰ ਰਾਜ ਵਿਚ ਬਣਦੀ ਥਾਂ ਨਹੀਂ ਮਿਲ ਸਕੀ। ਇਸ ਲਈ ਸਮੂਹ ਪੰਜਾਬੀਆਂ ਨੂੰ ਇਕਮੁੱਠ ਕਰਕੇ ਇਕ ਮਜ਼ਬੂਤ ਲਹਿਰ ਉਸਾਰਨ ਦੀ ਲੋੜ ਹੈ। ਇਸ ਮਕਸਦ ਲਈ ਹੀ ਇਹ ਮਾਰਚ ਕੀਤਾ ਜਾ ਰਿਹਾ ਹੈ।
ਮੰਚ ਅਤੇ ਟਰੱਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਮਾਰਚ ਵਿਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਅਤੇ ਲੋਕਾਂ ਲਈ 'ਰੈਫਰੈਸ਼ਮੈਂਟ' ਅਤੇ ਲੰਗਰ ਦਾ ਇੰਤਜ਼ਾਮ ਗੁਰਦੁਆਰਾ ਮਾਡਲ ਟਾਊਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਲਵਲੀ ਸਵੀਟਸ ਵੱਲੋਂ ਕੀਤਾ ਜਾ ਰਿਹਾ ਹੈ। ਇਸ ਮਾਰਚ ਵਿਚ ਜਲੰਧਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚੋਂ 60 ਦੇ ਲਗਪਗ ਸਰਕਾਰੀ ਤੇ ਗ਼ੈਰ-ਸਰਕਾਰੀ ਵਿਦਿਅਕ ਅਦਾਰਿਆਂ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਸਟਾਫ ਮੈਂਬਰ ਸ਼ਿਰਕਤ ਕਰ ਰਹੇ ਹਨ। 45 ਦੇ ਲਗਭਗ ਸਮਾਜਿਕ, ਧਾਰਮਿਕ, ਪੇਸ਼ਾਵਰ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਸ਼ਿਰਕਤ ਕਰ ਰਹੀਆਂ ਹਨ। ਇਨ੍ਹਾਂ ਵਿਚ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ, ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ (ਨਵਾਂਸ਼ਹਿਰ), ਅਗਰਵਾਲ ਸਮਾਜ, ਖੁਖਰੇਨ ਬਰਾਦਰੀ, ਏਕ ਨੂਰ ਵੈਲਫੇਅਰ ਸੁਸਾਇਟੀ, ਗੁਰਦੁਆਰਾ ਸਿੰਘ ਸਭਾ ਮਾਡਲ ਹਾਊਸ, ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ, ਬਾਬਾ ਬੁੱਢਾ ਜੀ ਵੈਲਫੇਅਰ ਸੁਸਾਇਟੀ, ਬਾਬਾ ਲਾਲ ਦਿਆਲ ਮੰਦਿਰ, ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ, ਮਹਾਂਨਗਰ ਸੇਵਾ ਸੁਸਾਇਟੀ, ਬਾਲਮੀਕ ਸੇਵਾ ਦਲ, ਸਿੱਖ ਤਾਲਮੇਲ ਕਮੇਟੀ, ਇਲੈਕਟ੍ਰੋਨਿਕ ਮਾਰਕੀਟ, ਬਾਡੀਸ਼ੇਪ ਜਿਮ, ਜਗਤਾਰ ਪਰਵਾਨਾ ਯਾਦਗਾਰੀ ਸਭਾ ਹਠੌਲਾ, ਪਤਾਂਜਲੀ ਯੋਗ ਪੀਠ, ਪੰਜਾਬੀ ਲਿਖਾਰੀ ਸਭਾ, ਮਨਿਸਟਰੀਅਲ ਇੰਪਲਾਈਜ਼ ਯੂਨੀਅਨ, ਰੇਡੀਓ ਮਿਰਚੀ, ਗੁਰਦੁਆਰਾ ਸਿੰਘ ਸਭਾ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਭਾਈ ਘਨੱਈਆ ਜੀ ਸੇਵਕ ਦਲ, ਸਪੀਡ ਰਿਕਾਰਡਜ਼, ਅਟਾਰੀ ਬਾਜ਼ਾਰ ਸ਼ਾਪਕੀਪਰ ਐਸੋਸੀਏਸ਼ਨ, ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ, ਫੁਲਕਾਰੀ ਸੰਸਥਾ, ਪ੍ਰੀਤ ਨਗਰ ਵੈਲਫੇਅਰ ਸੁਸਾਇਟੀ, ਗੁਰਦੁਆਰਾ ਸਿੰਘ ਸਭਾ, ਪੰਜਾਬੀ ਜਥਾ, ਫੈਮਿਨਾ ਕਲੱਬ, ਕੈਪਟਲ ਲੋਕਲ ਏਰੀਆ ਬੈਂਕ, ਪੀ.ਐਨ.ਪੀ. ਸੇਵਾ ਸੁਸਾਇਟੀ, ਤਿਰੰਗਾ ਵੈਲਫੇਅਰ ਗਰੁੱਪ, ਸ਼ਹੀਦ ਭਗਤ ਸਿੰਘ ਯੂਥ ਕਲੱਬ ਤੇ ਭਗਤ ਕਬੀਰ ਸਭਾ ਆਦਿ ਸ਼ਾਮਿਲ ਹਨ।
ਪੰਜਾਬ ਦੇ ਹਰਮਨ ਪਿਆਰੇ ਕਲਾਕਾਰ ਮਲਕੀਤ ਸਿੰਘ, ਮਨਮੋਹਨ ਵਾਰਿਸ, ਲਖਵਿੰਦਰ ਵਡਾਲੀ, ਨੂਰਾ ਸਿਸਟਰਜ਼ ਅਤੇ ਰਣਜੀਤ ਬਾਵਾ ਆਦਿ ਕਲਾਕਾਰ ਵੀ ਮਾਰਚ ਵਿਚ ਸ਼ਾਮਿਲ ਹੋ ਰਹੇ ਹਨ। ਇਨ੍ਹਾਂ ਤੋਂ ਇਲਾਵਾ ਡਾ: ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ 'ਅਜੀਤ ਪ੍ਰਕਾਸ਼ਨ ਸਮੂਹ', ਡਾ: ਐਸ. ਪੀ. ਸਿੰਘ ਓਬਰਾਏ ਚੇਅਰਮੈਨ ਸਰਬੱਤ ਦਾ ਭਲਾ ਟਰੱਸਟ, ਸੰਤ ਬਲਵੀਰ ਸਿੰਘ ਸੀਚੇਵਾਲ, ਸ੍ਰੀ ਇਰਵਨ ਖੰਨਾ ਸੰਪਾਦਕ ਉਤਮ ਹਿੰਦੂ, ਸ੍ਰੀ ਸ਼ੀਤਲ ਵਿਜ, ਸੰਪਾਦਕ, ਦੈਨਿਕ ਸਵੇਰਾ, ਸ: ਪ੍ਰੇਮ ਸਿੰਘ ਐਡਵੋਕੇਟ, ਸ: ਗੁਰਚਰਨ ਸਿੰਘ ਸਿਆਲ, ਸ: ਬਲਵੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਡਾ: ਜੋਗਿੰਦਰ ਸਿੰਘ ਪੁਆਰ, ਸ੍ਰੀਮਤੀ ਰਘਬੀਰ ਕੌਰ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ, ਉੱਘੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਪ੍ਰਵਾਸੀ ਲੇਖਕ ਸ੍ਰੀ ਅਸ਼ੋਕ ਭੌਰਾ, ਸ੍ਰੀ ਗੁਰਮੀਤ ਸਿੰਘ (ਦੇਸ਼ ਭਗਤ ਯਾਦਗਾਰ ਕਮੇਟੀ), ਸ੍ਰੀ ਰਮੇਸ਼ ਮਿੱਤਲ ਚੇਅਰਮੈਨ ਲਵਲੀ ਗਰੁੱਪ, ਚਰਨਜੀਤ ਸਿੰਘ ਚੰਨੀ ਚੇਅਰਮੈਨ ਸਿਟੀ ਗਰੁੱਪ, ਸ੍ਰੀ ਅਨਿਲ ਚੋਪੜਾ ਸੇਂਟ ਸੋਲਜਰ ਗਰੁੱਪ, ਤਰਵਿੰਦਰ ਸਿੰਘ ਰਾਜੂ ਮੈਨੇਜਿੰਗ ਡਾਇਰੈਕਟਰ ਡਿਪਸ ਗਰੁੱਪ ਆਫ ਐਜੂਕੇਸ਼ਨ, ਉੱਘੇ ਕਾਮਰੇਡ ਆਗੂ ਸ੍ਰੀ ਮੰਗਤ ਰਾਮ ਪਾਸਲਾ, ਸ: ਬੇਅੰਤ ਸਿੰਘ ਸਰਹੱਦੀ ਅਤੇ ਹਵੇਲੀ ਅਤੇ ਰੰਗਲਾ ਪੰਜਾਬ ਦੇ ਮਾਲਕ ਸ੍ਰੀ ਸਤੀਸ਼ ਜੈਨ ਆਦਿ ਸਮੇਤ ਦੇਸ਼-ਵਿਦੇਸ਼ ਦੀਆਂ ਅਨੇਕਾਂ ਅਹਿਮ ਸ਼ਖ਼ਸੀਅਤਾਂ ਵੀ ਇਸ ਮਾਰਚ ਵਿਚ ਸ਼ਿਰਕਤ ਕਰ ਰਹੀਆਂ ਹਨ।