ਸ਼ਾਰਜਾਹ (ਯੂ.ਏ.ਈ), 20 ਫ਼ਰਵਰੀ, 2017 : ਪਾਕਿਸਤਾਨ ਦੇ ਹਰਫਨਮੌਲਾ ਖਿਡਾਰੀ ਸ਼ਾਹਿਦ ਅਫਰੀਦੀ ਨੇ ਐਤਵਾਰ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਦੇ ਨਾਲ ਹੀ 21 ਸਾਲ ਦਾ ਸ਼ਾਨਦਾਰ ਅਤੇ ਕਈ ਵਾਰ ਵਿਵਾਦਾਂ 'ਚ ਆਇਆ ਉਨ੍ਹਾਂ ਦਾ ਕੈਰੀਅਰ ਖਤਮ ਹੋ ਗਿਆ। ਦਰਅਸਲ, ਅਫਰੀਦੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਸੰਕੇਤ ਦੇ ਦਿੱਤੇ ਸਨ ਕਿ ਉਨ੍ਹਾਂ ਦਾ ਕੌਮਾਂਤਰੀ ਕੈਰੀਅਰ ਲੱਗਭਗ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਉਹ ਹੁਣ ਫ੍ਰੀਲਾਂਸ ਕ੍ਰਿਕਟਰ ਬਣਨਾ ਚਾਹੁੰਦੇ ਹਨ ਅਤੇ ਦੁਨੀਆਂ ਭਰ ਦੀਆਂ ਵੱਖ-ਵੱਖ ਲੀਗਾਂ 'ਚ ਖੇਡਣ ਦਾ ਲੁਤਫ ਲੈਣਾ ਚਾਹੁੰਦੇ ਹਨ। 36 ਸਾਲ ਦਾ ਇਹ ਸਟਾਰ ਟੈਸਟ ਅਤੇ ਇਕ-ਰੋਜ਼ਾ ਕੌਮਾਂਤਰੀ ਕ੍ਰਿਕਟ ਨੂੰ ਪਹਿਲਾਂ ਹੀ ਅਲਵਿਦਾ ਕਹਿ ਚੁੱਕਾ ਹੈ, ਪਰ ਪਿਛਲੇ ਸਾਲ ਭਾਰਤ 'ਚ ਆਯੋਜਿਤ ਟੀ-20 ਵਿਸ਼ਵ ਕੱਪ 'ਚ ਉਨ੍ਹਾਂ ਪਾਕਿਸਤਾਨੀ ਟੀਮ ਦੀ ਕਪਤਾਨੀ ਕੀਤੀ ਸੀ। ਅਫਰੀਦੀ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ 'ਤੇ ਉਦੋਂ ਦੇ ਰਾਜ ਕਰਨ ਲੱਗੇ ਜਦ ਸਾਲ 1996 'ਚ ਉਨ੍ਹਾਂ ਸ਼੍ਰੀਲੰਕਾ ਵਿਰੁੱਧ ਖੇਡਦੇ ਹੋਏ ਕੇਵਲ 37 ਗੇਂਦਾਂ 'ਤੇ ਸੈਂਕੜਾ ਜੜ ਦਿੱਤਾ ਸੀ। ਇਹ ਉਨ੍ਹਾਂ ਦਾ ਦੂਸਰਾ ਹੀ ਮੈਚ ਸੀ। ਉਨ੍ਹਾਂ ਦੇ ਬਣਾਏ ਇਸ ਰਿਕਾਰਡ ਨੂੰ 17 ਸਾਲ ਤੱਕ ਕੋਈ ਨਹੀਂ ਤੋੜ ਸਕਿਆ ਸੀ।
ਆਪਣੇ ਕੈਰੀਅਰ ਦੀ ਦੂਸਰੀ ਪਾਰੀ 'ਚ ਉਹ ਅਫਰੀਦੀ ਗੇਂਦਬਾਜ਼ ਦੇ ਤੌਰ 'ਤੇ ਸਥਾਪਿਤ ਹੋ ਗਏ ਅਤੇ ਟੀ-20 ਕ੍ਰਿਕਟ 'ਚ ਪਾਕਿਸਤਾਨ ਦੀ ਸ਼ੁਰੂਆਤੀ ਸਫਲਤਾ ਦਾ ਦਾਰੋਮਦਾਰ ਉਨ੍ਹਾਂ 'ਤੇ ਹੀ ਸੀ। ਖਾਸ ਕਰਕੇ, ਸਾਲ 2009 'ਚ ਪਾਕਿਸਤਾਨ ਦੀ ਜਿੱਤ 'ਚ ਉਨ੍ਹਾਂ ਦੀ ਸ਼ਾਨਦਾਰ ਭੂਮਿਕਾ ਰਹੀ ਸੀ। ਅਫਰੀਦੀ ਨੇ ਆਪਣੇ ਕੌਮਾਂਤਰੀ ਕੈਰੀਅਰ 'ਚ ਕੇਵਲ 27 ਟੈਸਟ ਖੇਡੇ। ਇਨ੍ਹਾਂ 'ਚ ਉਨ੍ਹਾਂ ਨੇ 1,176 ਸਕੋਰ ਬਣਾਏ। ਉਨ੍ਹਾਂ ਦਾ ਸਰਵੋਤਮ ਸਕੋਰ 156 ਰਿਹਾ ਅਤੇ ਉਨ੍ਹਾਂ ਨੇ 48 ਵਿਕਟਾਂ ਵੀ ਲਈਆਂ।
ਇਕ-ਰੋਜ਼ਾ ਕ੍ਰਿਕਟ 'ਚ ਅਫਰੀਦੀ ਨੇ ਕੁੱਲ 398 ਮੈਚ ਖੇਡੇ, ਜਿਨ੍ਹਾਂ 'ਚ ਉਨ੍ਹਾਂ ਨੇ 8,064 ਦੌੜਾਂ ਬਣਾਈਆਂ। ਇਕ-ਰੋਜ਼ਾ 'ਚ ਅਫਰੀਦੀ ਦਾ ਸਰਵੋਤਮ ਸਕੋਰ 124 ਦੌੜਾਂ ਰਹੀਆਂ, ਜਦ ਕਿ ਆਪਣੀ ਲੈੱਗ ਸਪਿਨ ਗੇਂਦਬਾਜ਼ੀ ਨਾਲ ਉਨ੍ਹਾਂ ਕੁੱਲ 395 ਵਿਕਟਾਂ ਵੀ ਆਪਣੇ ਨਾਂ ਕੀਤੀਆਂ। ਇਸੇ ਤਰ੍ਹਾਂ ਟੀ-20 ਕੌਮਾਂਤਰੀ ਕ੍ਰਿਕਟ ਕੈਰੀਅਰ 'ਚ ਉਨ੍ਹਾਂ ਕੁੱਲ 98 ਮੈਚ ਖੇਡੇ। ਇਨ੍ਹਾਂ 'ਚ ਅਫਰੀਦੀ ਨੇ 1,405 ਦੌੜਾਂ ਬਣਾਈਆਂ ਅਤੇ ਕੁੱਲ 97 ਵਿਕਟਾਂ ਵੀ ਹਾਸਿਲ ਕੀਤੀਆਂ।