ਪਟਿਆਲਾ, 20 ਫਰਵਰੀ, 2017 : ਸ਼ਾਹੀ ਸ਼ਹਿਰ ਦੀ ਜੰਮਪਲ ਅਦਾਕਾਰਾ ਮਹਿਰੀਨ ਕਾਲੇਕਾ ਬਤੌਰ ਨਾਇਕਾ ਦੁਨੀਆ ਦੇ ਨਾਮਵਰ ਫਿਲਮ ਉਤਸਵ ਕਾਨਜ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਵੇਗੀ। ਮਹਿਰੀਨ ਦੀ ਪੰਜਾਬੀ ਫਿਲਮ 'ਚੰਮ' ਦੀ ਚੋਣ ਕਾਨਜ ਫਿਲਮ ਉਤਸਵ ਲਈ ਹੋਈ ਹੈ। ਮਹਿਰੀਨ ਨੇ ਦੱਸਿਆ ਕਿ ਉਕਤ ਫਿਲਮ ਰਾਜੀਵ ਕੁਮਾਰ ਦੁਆਰਾ ਨਿਰਦੇਸ਼ਤ ਹੈ ਜਿੰਨ੍ਹਾਂ ਦੁਆਰਾ ਨਿਰਦੇਸ਼ਤ ਫਿਲਮ 'ਨਾਬਰ' ਨੂੰ 2013 'ਚ ਰਾਸ਼ਟਰੀ ਪੁਰਸਕਾਰ ਵੀ ਮਿਲ ਚੁੱਕਿਆ ਹੈ। ਮਹਿਰੀਨ ਇਸ ਤੋਂ ਪਹਿਲਾ ਅਮਿਤੋਜ ਮਾਨ ਦੁਆਰਾ ਨਿਰਦੇਸ਼ਤ ਚਰਚਿਤ ਫਿਲਮ 'ਹਾਣੀ' 'ਚ ਵੀ ਦੋਹਰੀ ਰੰਗਤ ਵਾਲੀ ਮੋਹਰੀ ਭੂਮਿਕਾ ਨਿਭਾ ਚੁੱਕੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਕਾਲਤ 'ਚ ਗ੍ਰੈਜੂਏਸ਼ਨ ਕਰ ਚੁੱਕੀ ਮਹਿਰੀਨ ਕਾਲੇਕਾ ਨੇ ਦੱਸਿਆ ਕਿ ਉਸ ਨੇ ਹਮੇਸ਼ਾ ਹੀ ਸਾਫ-ਸੁਥਰੀਆਂ ਅਤੇ ਦਮਦਾਰ ਭੂਮਿਕਾਵਾਂ ਕਰਨ ਨੂੰ ਪਹਿਲ ਦਿੱਤੀ ਹੈ। ਉਹ ਫਿਲਮਾਂ ਦੀ ਗਿਣਤੀ ਵਧਾਉਣ ਦੇ ਹੱਕ 'ਚ ਨਹੀਂ ਸਗੋਂ ਗੁਣਵੱਤਾ ਵਾਲੀਆਂ ਚੋਣਵੀਆਂ ਫਿਲਮਾਂ 'ਚ ਕੰਮ ਕਰਨ ਨੂੰ ਪਹਿਲ ਦਿੰਦੀ ਹੈ ਜਿਸ ਤਹਿਤ ਉਸ ਨੇ ਮਿਆਰੀ ਕੰਮ ਕਰਨ ਵਾਲੇ ਨਿਰਦੇਸ਼ਕ ਰਾਜੀਵ ਕੁਮਾਰ ਦੀ ਫਿਲਮ 'ਚੰਮ' 'ਚ ਇੱਕ ਅਜਿਹੀ ਡਾਕਟਰ ਦੀ ਭੂਮਿਕਾ ਨਿਭਾਈ ਹੈ, ਜੋ ਆਪਣੀ ਨੌਕਰੀ ਦੇ ਨਾਲ-ਨਾਲ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਜਿੰਮੇਵਾਰੀਆਂ ਪ੍ਰਤੀ ਸੁਚੇਤ ਕਰਕੇ ਲੋਕ ਲਹਿਰ ਖੜੀ ਕਰਦੀ ਹੈ। ਮਹਿਰੀਨ ਨੇ ਦੱਸਿਆ ਕਿ ਇਹ ਫਿਲਮ 35 ਮਿੰਟਾਂ 'ਚ ਹੀ ਬਹੁਤ ਕੁਝ ਕਹਿਣ ਦੀ ਸਮਰੱਥਾ ਰੱਖਦੀ ਹੈ। ਇਸ ਫਿਲਮ 'ਚ ਪੰਜਾਬ ਦੇ ਦਲਿਤ ਲੋਕਾਂ ਦੇ ਸੰਘਰਸ਼ ਦੀ ਤਸਵੀਰ ਪੇਸ਼ ਕਰਨ ਦਾ ਉੱਦਮ ਕੀਤਾ ਗਿਆ ਹੈ। ਮਹਿਰੀਨ ਨੇ ਦੱਸਿਆ ਕਿ ਇਹ ਫਿਲਮ 22 ਤੋਂ 28 ਮਈ ਤੱਕ ਬਰਾਜੀਲ 'ਚ ਹੋਣ ਵਾਲੇ ਕਾਨਜ ਫਿਲਮ ਉੱਤਸਵ 'ਚ ਦਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮਸਾਜੀ ਲਈ 'ਚੰਮ' ਦੀ ਕਾਨਜ ਉਤਸਵ ਲਈ ਚੋਣ ਹੋਣਾ ਬਹੁਤ ਵੱਡਾ ਮਾਅਰਕਾ ਹੈ ਜਿਸ ਲਈ ਨਿਰਦੇਸ਼ਕ ਰਾਜੀਵ ਕੁਮਾਰ ਅਤੇ ਪੂਰੀ ਟੀਮ ਵਧਾਈ ਦੀ ਪਾਤਰ ਹੈ। ਮਹਿਰੀਨ ਨੇ ਕਿਹਾ ਕਿ ਅਜੋਕੇ ਦੌਰ 'ਚ ਪੰਜਾਬੀ ਸਿਨੇਮਾ ਜਿਆਦਾਤਰ ਜੱਟ ਭਾਈਚਾਰੇ 'ਤੇ ਅਧਾਰਤ ਹੈ ਪਰ ਪੰਜਾਬ 'ਚ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਵੀ ਹਨ, ਜਿੰਨ੍ਹਾਂ ਦਾ ਫਿਲਮਾਂ ਰਾਹੀਂ ਚਿੱਤਰਨ ਕਰਨਾ ਅਤਿ ਜਰੂਰੀ ਹੈ।