ਚੰਡੀਗੜ੍ਹ, 19 ਫਰਵਰੀ 2017: ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਹੇਠ ਇਥੋਂ ਦੀ ਇੱਕ ਅਦਾਲਤ ਨੇ ਮੁਹਾਲੀ ਦੀ ਮਹਿਲਾ ਡੀਐਸਪੀ ਰਾਕਾ ਗੇਰਾ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਡੀਐਸਪੀ ਨੂੰ ਦੋ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਇਹ ਮਾਮਲਾ ਪਿੱਛਲੇ ਕਰੀਬ ਛੇ ਸਾਲ ਤੋਂ ਚੱਲ ਰਿਹਾ ਸੀ। ਫ਼ੈਸਲੇ ਮਗਰੋਂ ਅਦਾਲਤ ਨੇ ਦੋਸ਼ੀ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ।
ਜਾਣਕਾਰੀ ਅਨੁਸਾਰ ਸੀਬੀਆਈ ਨੇ 24 ਜੁਲਾਈ 2011 ਨੂੰ ਮੁਹਾਲੀ ਪੁਲੀਸ ਦੀ ਡੀਐਸਪੀ ਰਾਕਾ ਗੇਰਾ ਨੂੰ ਇੱਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਸੀਬੀਆਈ ਨੂੰ ਮੁਹਾਲੀ ਦੇ ਇੱਕ ਬਿਲਡਰ ਤੋਂ ਡੀਐਸਪੀ ਵੱਲੋਂ ਰਿਸ਼ਵਤ ਮੰਗੇ ਜਾਣ ਦੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤਕਰਤਾ ਬਿਲਡਰ ਕੇਕੇ ਮਲੋਹਤਰਾ ਨੇ ਦੱਸਿਆ ਸੀ ਕਿ ਕਿਸੇ ਜਾਇਦਾਦ ਦੇ ਝਗੜੇ ’ਚ ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ’ਚ ਸੀ। ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਮਹਿਲਾ ਡੀਐਸਪੀ ਰਾਕਾ ਗੇਰਾ ਨੇ ਮਲੋਹਤਰਾ ਤੋਂ 2 ਲੱਖ ਦੀ ਰਿਸ਼ਵਤ ਮੰਗ ਸੀ, ਜਿਸ ਦੀ ਸ੍ਰੀ ਮਲੋਹਤਰਾ ਨੇ ਸੀਬੀਆਈ ਨੂੰ ਸ਼ਿਕਾਇਤ ਕਰ ਦਿੱਤੀ। ਬਾਅਦ ’ਚ ਸੀਬੀਆਈ ਨੇ ਮਲਹੋਤਰਾ ਅਤੇ ਰਾਕਾ ਗੇਰਾ ਦਰਮਿਆਨ ਫੋਨ ’ਤੇ ਹੋਈ ਗੱਲਬਾਤ ਨੂੰ ਵੀ ਰਿਕਾਰਡ ਕੀਤਾ ਸੀ। ਮਗਰੋਂ ਸੀਬੀਆਈ ਨੇ ਡੀਐਸਪੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਸੀ। ਸੀਬੀਆਈ ਨੇ ਰਾਕਾ ਗੇਰਾ ਦੇ ਘਰੋਂ 1.10 ਕਰੋੜ ਮੁੱਲ ਦੀਆਂ ਕਈ ਬੇਨਾਮੀ ਸੰਪਤੀਆਂ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ਸਨ। ਮਗਰੋਂ ਸੈਕਟਰ-17 ਦੇ ਪੁਲੀਸ ਸਟੇਸ਼ਨ ’ਚ ਰਾਕਾ ਗੇਰਾ ’ਤੇ ਅਸਲਾ ਐਕਟ ਅਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤੇ ਗਏ ਸਨ। ਹੁਣ ਡੀਐਸਪੀ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਸੀਬੀਆਈ ਦੀ ਵਿਸ਼ੇਸ਼ ਅਦਾਲਤ ’ਚ ਚੱਲ ਰਿਹਾ ਹੈ ਜਦਕਿ ਐਕਸਾਈਜ਼ ਐਕਟ ਦਾ ਕੇਸ ਕਿਸੇ ਹੋਰ ਅਦਾਲਤ ’ਚ ਚੱਲ ਰਿਹਾ ਹੈ।
ਪਤੀ ਦੀ ਥਾਂ ਮਿਲੀ ਸੀ ਗੇਰਾ ਨੂੰ ਨੌਕਰੀ
ਰਾਕਾ ਗੇਰਾ ਦੇ ਪਤੀ ਰਣਬੀਰ ਸਿੰਘ ਵੀ ਪੰਜਾਬ ਪੁਲੀਸ ’ਚ ਡੀਐਸਪੀ ਸਨ। ਕਾਫ਼ੀ ਸਮਾਂ ਪਹਿਲਾਂ ਇੱਕ ਹਾਦਸੇ ’ਚ ਰਣਬੀਰ ਸਿੰਘ ਦੀ ਮੌਤ ਹੋ ਗਈ ਸੀ। ਇਸ ਮਗਰੋਂ ਸਾਲ 1999 ’ਚ ਰਾਕਾ ਗੇਰਾ ਨੂੰ ਪੰਜਾਬ ਪੁਲੀਸ ’ਚ ਬਤੌਰ ਇੰਸਪੈਕਟਰ ਨੌਕਰੀ ਮਿਲੀ ਸੀ ਅਤੇ ਉਹ ਸੁਹਾਣਾ ਪੁਲੀਸ ਸਟੇਸ਼ਨ ਦੀ ਪਹਿਲੀ ਮਹਿਲਾ ਐਸਐਚਓ ਸੀ। ਰਾਕਾ ਗੇਰਾ ਦਾ ਸਹੁਰਾ ਪ੍ਰਕਾਸ਼ ਚੰਦ ਪੰਜਾਬ ਪੁਲੀਸ ਦੇ ਆਈਜੀ ਦੇ ਅਹੁਦੇ ’ਤੋਂ ਸੇਵਾ ਮੁਕਤ ਹੋਇਆ ਸੀ।