ਚੰਡੀਗੜ੍ਹ, 18 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨੀ ਇਥੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਬਾਦਲ ਪਰਿਵਾਰ ਤੇ ਪੰਜਾਬ ਮੰਤਰੀ ਮੰਡਲ ਦੇ ਮੈਂਬਰਾਂ, ਜਿਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ, ਨੂੰ ਵੀ ਨਹੀਂ ਛੱਡਿਆ ਜਾਵੇਗਾ। ਇਸ ਦੀ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕਰਕੇ ਇਨ੍ਹਾਂ ਦੀ ਪਾਪ ਦੀ ਕਮਾਈ ਨੂੰ ਵਸੂਲ ਕੀਤਾ ਜਾਵੇਗਾ।
ਫੂਡ ਤੇ ਸਪਲਾਈ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੇ ਖੇਤੀ ਮੰਤਰੀ ਤੋਤਾ ਸਿੰਘ ਦੇ ਕਾਰਨਾਮਿਆਂ ਦੇ ਨਾਲ-ਨਾਲ ਕੈ. ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੇ ਸਵਿਸ ਬੈਂਕ ਖਾਤਿਆਂ ਦੀ ਵੀ ਜਾਂਚ ਹੋਵੇਗੀ। ਐੱਸ. ਵਾਈ. ਐੱਲ. ਮੁੱਦੇ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ, ਭਾਜਪਾ ਤੇ ਅਕਾਲੀ ਦਲ ਇਸ ਦੇ ਹੱਲ ਦੀ ਬਜਾਏ ਆਪਣੇ ਨਿੱਜੀ ਸਿਆਸੀ ਸਵਾਰਥਾਂ ਲਈ ਪਿਛਲੇ 30 ਸਾਲਾਂ ਤੋਂ ਸਿਆਸਤ ਖੇਡ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਜੇਕਰ ਚਾਹੁਣ ਤਾਂ ਪੰਜਾਬ ਤੇ ਹਰਿਆਣਾ ਦੀ ਆਪਣੀ ਪਾਰਟੀ ਤੇ ਗਠਜੋੜ ਦੀਆਂ ਸਰਕਾਰਾਂ ਦੀ ਬੈਠਕ ਬੁਲਾ ਕੇ ਇਸ ਦਾ 5 ਮਿੰਟਾਂ 'ਚ ਹਲ ਕਰਵਾ ਸਕਦੇ ਹਨ ਪਰ ਸ਼ੁੱਧ ਰਾਜਨੀਤਕ ਕਾਰਨਾਂ ਕਾਰਨ ਉਹ ਅਜਿਹਾ ਨਹੀਂ ਕਰਨਗੇ। ਪਾਰਟੀ ਦੇ ਸਸਪੈਂਡ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਫਰੰਟ ਦਾ ਗਠਨ ਕਰਕੇ ਚੋਣ ਮੈਦਾਨ 'ਚ ਉਤਰਨ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਹੁਣ ਪਾਰਟੀ ਨੂੰ ਇਸ ਸੰਬੰਧ 'ਚ ਕਾਰਗਰ ਫੈਸਲਾ ਲੈਣਾ ਹੀ ਹੋਵੇਗਾ ਪਰ ਨਾਲ ਹੀ ਉਨ੍ਹਾਂ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ 'ਚ ਵਿਰੋਧੀ ਧਿਰ ਦੀਆਂ ਵੋਟਾਂ ਨੂੰ ਵੰਡਣ ਦੀ ਥਾਂ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੇ ਹੋਣ।