ਸਿਵਲ ਸਰਜਨ ਨੇ ਘਰ-ਘਰ ਜਾ ਕੇ ਆਭਾ ਅਕਾਊਂਂਟ ਦੇ ਕੰਮਕਾਜ ਨੂੰ ਦੇਖਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 27 ਅਪ੍ਰੈਲ 2024 : ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਸ਼ੁੱਕਰਵਾਰ ਨੂੰ ਨਵਾਂਸ਼ਹਿਰ ਦੀ ਚਰਚ ਕਾਲੋਨੀ ਅਤੇ ਪੰਡੌਰਾ ਮੁਹੱਲਾ ਵਿਖੇ ਟੀਕਾਕਰਨ ਪ੍ਰੋਗਰਾਮ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਵ ਟੀਕਾਕਰਨ ਸਪਤਾਹ ਤਹਿਤ ਲਗਾਏ ਜਾ ਰਹੇ ਵਿਸ਼ੇਸ਼ ਟੀਕਾਕਰਨ ਕੈਂਪਾਂ ਦੀ ਸੁਪਰਵੀਜ਼ਨ ਕੀਤੀ। ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਕਾਲੋਨੀ ਵਾਸੀਆਂ ਤੋੰ ਵਿਸ਼ਵ ਟੀਕਾਕਰਨ ਸਪਤਾਹ ਅਧੀਨ ਟੀਕਾਕਰਨ ਗਤੀਵਿਧੀਆਂ ਤੇ ਪ੍ਰਚਾਰ-ਪ੍ਰਸਾਰ ਬਾਰੇ ਪੁੱਛਿਆ। ਉਨ੍ਹਾਂ ਘਰ-ਘਰ ਜਾ ਕੇ ਬੱਚਿਆਂ ਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੇ ਸਟੇਟਸ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਬੱਚਿਆਂ ਦੇ ਮਦਰ ਚਾਇਲਡ ਪ੍ਰੋਟੈਕਸ਼ਨ (ਐੱਮ.ਸੀ.ਪੀ.) ਕਾਰਡ ਵੀ ਦੇਖੇ ਤੇ ਬੱਚਿਆਂ ਦੇ ਮੀਜਲ- ਰੂਬੇਲਾ (ਐੱਮ.ਆਰ.)-1 ਟੀਕਾਕਰਨ ਦੀਆਂ ਐਂਟਰੀਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਤਾਂ ਜੋ ਬੱਚਿਆਂ ਦੇ ਐੱਮ.ਆਰ ਟੀਕਾਕਰਨ ਜ਼ਰੀਏ ਇਸ ਬਿਮਾਰੀ ਖਤਮ ਕਰਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਬੱਚਿਆਂ ਦੇ ਐੱਮ.ਸੀ.ਪੀ.ਕਾਰਡ ਨੂੰ ਹਰ ਪੱਖੋਂ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨਿਯਮਤ ਟੀਕਾਕਰਨ ਪ੍ਰੋਗਰਾਮ ਤਹਿਤ 100 ਫੀਸਦ ਟੀਕਾਕਰਨ ਦੇ ਟੀਚੇ ਦੀ ਮੁਕੰਮਲ ਪ੍ਰਾਪਤੀ ਲਈ ਦ੍ਰਿੜ ਹੈ। ਇਸ ਸਬੰਧ ਵਿੱਚ, ਨਿਯਮਤ ਤੌਰ 'ਤੇ ਦਿੱਤੇ ਜਾਣ ਵਾਲੇ ਟੀਕਿਆਂ ਦੀ ਦਰ ਨੂੰ ਵਧਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਹਾਈਰਿਸਕ ਖੇਤਰਾਂ ਵਿਚ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਅੱਜ ਚਰਚ ਕਾਲੋਨੀ, ਨਵਾਂਸ਼ਹਿਰ ਵਿਖੇ ਆਸ਼ਾ ਵਰਕਰਾਂ ਦੁਆਰਾ ਘਰ-ਘਰ ਜਾ ਕੇ ਬਣਾਏ ਜਾ ਰਹੇ ਆਭਾ ਅਕਾਊਂਂਟ ਦੇ ਕੰਮਕਾਜ ਦੀ ਸਮੀਖਿਆ ਵੀ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਹਾਜ਼ਰ ਆਸ਼ਾ ਵਰਕਰਾਂ ਨੂੰ ਹਦਾਇਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਆਯੂਸ਼ਮਾਨ ਭਾਰਤ- ਹੈਲਥ ਅਕਾਊਂਟ (ਆਭਾ) ਬਣਾਉਣ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਇਹ ਹੈਲਥ ਅਕਾਊਂਟ ਬਣਾ ਕੇ ਸਿਹਤ ਰਿਕਾਰਡ ਨੂੰ ਸੰਭਾਲ ਕੇ ਰੱਖਣ ਦਾ ਝੰਜਟ ਖਤਮ ਹੋ ਜਾਵੇਗਾ। ਸਿਹਤ ਰਿਕਾਰਡ ਦਸਤਾਵੇਜਾਂ ਨੂੰ ਕਿਤੇ ਵੀ ਲੱਭਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਆਮ ਲੋਕਾਂ ਦੇ ਆਭਾ ਨੰਬਰ ਬਣਾਉਣ ਦੀ ਹਦਾਇਤ ਕਰਦੇ ਹੋਏ ਕਿਹਾ ਕਿ ਸਿਹਤ ਰਿਕਾਰਡ ਨੂੰ ਡਿਜੀਟਲ ਕਰਨ ਦੇ ਬਹੁਤ ਫਾਇਦੇ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਸਿਹਤ ਨਾਲ ਸਬੰਧਤ ਸਾਰੇ ਵੇਰਵੇ ਅਤੇ ਰਿਪੋਰਟਾਂ ਇਕ ਹੀ ਥਾਂ ਤੇ ਮੋਬਾਇਲ ਐਪਲੀਕੇਸ਼ਨ ਵਿਚ ਸੰਭਾਲ ਕੇ ਰੱਖੇ ਜਾ ਸਕਦੇ ਹਨ। ਇਹੀ ਨਹੀਂ, ਆਭਾ ਹੈਲਥ ਅਕਾਊਂਟ ਨਾਲ ਸਿਹਤ ਸਬੰਧੀ ਰਿਪੋਰਟਾਂ ਆਪਣੇ ਡਾਕਟਰ ਨੂੰ ਦਿਖਾ ਸਕਦੇ ਹਾਂ। ਇਸ ਨਾਲ ਪੁਰਾਣਾ ਰਿਕਾਰਡ ਦੇਖ ਕੇ ਡਾਕਟਰ ਨੂੰ ਇਲਾਜ ਕਰਨ ਵਿਚ ਆਸਾਨੀ ਹੋਵੇਗੀ। ਹਰ ਵਿਅਕਤੀ ਆਪਣਾ ਆਭਾ ਨੰਬਰ ਖੁਦ ਵੀ ਬਣਾ ਸਕਦਾ ਜਾਂ ਫਿਰ ਸਿਹਤ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਬੱਚਿਆਂ ਦੇ ਮਾਹਰ ਡਾਕਟਰ ਹਰਪਿੰਦਰ ਸਿੰਘ ਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਮੌਜੂਦ ਸਨ।