Election Commission ਨੇ ਸੰਤ ਭਿੰਡਰਾਂਵਾਲੇ ਦੀ ਫੋਟੋ ਬੱਸਾਂ 'ਚੋਂ ਲਾਉਣ ਦੇ ਦਿੱਤੇ ਹੁਕਮ, ਦਲ ਖਾਲਸਾ ਵਲੋਂ ਵਿਰੋਧ
ਬਠਿੰਡਾ, 26 ਅਪ੍ਰੈਲ 2024- ਚੋਣ ਕਮਿਸ਼ਨ ਦੇ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਬੱਸਾਂ ਵਿਚੋਂ ਹਟਾਉਣ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਹੁਣ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਬਕਾਇਦਾ ਇੱਕ ਪੱਤਰ ਜਾਰੀ ਕਰਕੇ ਪੰਜਾਬ ਦੇ ਕਪੂਰਥਲਾ, ਬੁਢਲਾਡਾ, ਚੰਡੀਗੜ੍ਹ, ਬਰਨਾਲਾ, ਫਰੀਦਕੋਟ, ਬਠਿੰਡਾ, ਸੰਗਰੂਰ, ਲੁਧਿਆਣਾ, ਪਟਿਆਲਾ ਬੱਸ ਡੀਪੂਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।
ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਪੀਆਰਟੀਸੀ ਦੇ ਅਧਿਕਾਰੀਆਂ ਨਾਲ ਬੀਤੇ ਦਿਨੀਂ ਮੁਲਾਕਾਤ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਤਸਵੀਰਾਂ ਹਟਾਈਆਂ ਗਈਆਂ ਤਾਂ ਉਹ ਆਉਂਦੇ ਦਿਨਾਂ ਵਿੱਚ ਵੱਡਾ ਸੰਘਰਸ਼ ਸ਼ੁਰੂ ਕਰਨਗੇ। ਉਹਨਾਂ ਕਿਹਾ ਕਿ ਜਦੋਂ ਵੀ ਜੂਨ 84 ਦੇ ਦਿਨ ਆਉਂਦੇ ਹਨ ਤਾਂ ਸਮੇਂ-ਸਮੇਂ ਦੀਆਂ ਸਰਕਾਰਾਂ ਅਜਿਹੀਆਂ ਕਾਰਵਾਈਆਂ ਕਰਦੀਆਂ ਰਹਿੰਦੀਆਂ ਹਨ। ਹੁਣ ਵੀ 1984 ਵਿੱਚ ਹੋਏ ਸਿੱਖ ਕਤਲੇਆਮ ਨੂੰ 40 ਸਾਲ ਪੂਰੇ ਹੋਣ ਜਾ ਰਹੇ ਹਨ, ਇਸ ਤੋਂ ਪਹਿਲਾਂ ਇਹ ਪੱਤਰ ਜਾਰੀ ਕਰਕੇ ਸਿੱਖਾਂ ਨੂੰ ਇਹ ਦਰਸਾਇਆ ਜਾ ਰਿਹਾ ਹੈ ਕਿ ਉਹ ਜੂਨ 84 ਨੂੰ ਭੁੱਲ ਜਾਣ ਪਰ ਸਿੱਖ ਕਦੇ ਵੀ ਆਪਣੇ 'ਤੇ ਹੋਏ ਤਸ਼ੱਦਦ ਨੂੰ ਨਹੀਂ ਭੁੱਲਦੇ। ਉਨ੍ਹਾਂ ਕਿਹਾ ਕਿ ਫਿਰ ਵੀ ਜੇ ਪੀਆਰਟੀਸੀ ਦੇ ਅਧਿਕਾਰੀਆਂ ਵੱਲੋਂ ਇਹ ਪੱਤਰ ਲਾਗੂ ਕੀਤਾ ਗਿਆ ਤਾਂ ਇਸ ਦੇ ਨਤੀਜੇ ਸਮਾਂ ਦੱਸੇਗਾ ਅਤੇ ਉਹ ਮੌਕੇ 'ਤੇ ਐਕਸ਼ਨ ਕਰਨਗੇ।
ਈਟੀਵੀ ਭਾਰਤ ਦੀ ਖ਼ਬਰ ਮੁਤਾਬਿਕ, ਪੀਆਰਟੀਸੀ ਦੇ ਅਧਿਕਾਰੀ ਸੀਤਾ ਰਾਮ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੱਤਰ ਜ਼ਰੂਰ ਪ੍ਰਾਪਤ ਹੋਇਆ ਹੈ। ਇਸ ਪੱਤਰ ਸਬੰਧੀ ਸਿੱਖ ਆਗੂ ਉਹਨਾਂ ਨੂੰ ਮਿਲੇ ਹਨ ਅਤੇ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇ। ਉਹਨਾਂ ਕਿਹਾ ਕਿ ਇਸ ਪਿੱਤਰ ਨੂੰ ਲਾਗੂ ਕਰਨ ਲਈ ਉਹਨਾਂ ਵੱਲੋਂ ਹਰ ਇੱਕ ਵਰਗ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇਗਾ।