ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ-2024 ਅੱਜ ਸ਼ੁਰੂ
ਚੰਡੀਗੜ੍ , 25 ਅਪ੍ਰੈਲ 2024 :
ਮਾਰਸ਼ਲ ਆਫ਼ ਦ ਏਅਰ ਫੋਰਸ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ-2024 ਦਾ 5ਵਾਂ ਐਡੀਸ਼ਨ 25 ਤੋਂ 30 ਅਪ੍ਰੈਲ, 2024 ਤੱਕ 3 ਬੇਸ ਰਿਪੇਅਰ ਡਿਪੂ (ਬੀਆਰਡੀ), ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਅੱਜ ਰਘਬੀਰ ਸਿੰਘ ਭੋਲਾ ਹਾਕੀ ਸਟੇਡੀਅਮ, 3 ਬੀਆਰਡੀ ਏਅਰਫੋਰਸ ਸਟੇਸ਼ਨ, ਚੰਡੀਗੜ੍ਹ ਵਿਖੇ ਹੋਇਆ। ਟੂਰਨਾਮੈਂਟ ਦੇ ਮੁੱਖ ਮਹਿਮਾਨ ਏਅਰ ਮਾਰਸ਼ਲ ਆਰ.ਕੇ.ਆਨੰਦ, ਏਅਰ ਅਫਸਰ-ਇਨ-ਚਾਰਜ ਪ੍ਰਸ਼ਾਸਨ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ।
ਸਮਾਗਮ ਦੌਰਾਨ ਮੁੱਖ ਮਹਿਮਾਨ ਨੇ ਵੈਟਰਨ ਹਾਕੀ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ। ਉਦਘਾਟਨੀ ਸਮਾਰੋਹ ਦੌਰਾਨ ਉੱਘੇ ਵੈਟਰਨ ਹਾਕੀ ਖਿਡਾਰੀਆਂ, ਡੀਐਸਪੀ ਧਰਮਵੀਰ ਸਿੰਘ (ਓਲੰਪੀਅਨ) ਅਤੇ ਸਾਬਕਾ ਏਅਰ ਫੋਰਸ ਹਾਕੀ ਖਿਡਾਰੀ, ਗਰੁੱਪ ਕੈਪਟਨ ਜੇ.ਐਸ.ਮਿਨਹਾਸ (ਸੇਵਾਮੁਕਤ) ਅਤੇ ਸਾਬਕਾ ਸਾਰਜੈਂਟ ਪ੍ਰੇਮ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਦਰਸ਼ਕਾਂ ਨੇ ਏਅਰ ਵਾਰੀਅਰ ਡ੍ਰਿਲ ਟੀਮ (AWDT) ਦੁਆਰਾ ਪ੍ਰਦਰਸ਼ਿਤ ਦ੍ਰਿੜਤਾ, ਸ਼ੁੱਧਤਾ, ਤਾਲਮੇਲ ਅਤੇ ਟੀਮ ਵਰਕ ਦਾ ਇੱਕ ਸ਼ਾਨਦਾਰ ਹਵਾਈ ਪ੍ਰਦਰਸ਼ਨ ਵੀ ਦੇਖਿਆ।
ਪਹਿਲੇ ਦਿਨ, ਕੁੱਲ ਚਾਰ ਮੈਚ ਕਰਵਾਏ ਗਏ ਹਨ। ਦਿਨ ਦੀ ਸ਼ੁਰੂਆਤ ਵਿਚ ਸ਼੍ਰੀਲੰਕਾ ਏਅਰਫੋਰਸ ਅਤੇ ਇੰਡੀਅਨ ਏਅਰ ਫੋਰਸ ਵਿਚਕਾਰ ਮੈਚ ਖੇਡਿਆ ਗਿਆ ਅਤੇ ਦੂਜਾ ਮੈਚ ਚੰਡੀਗੜ੍ਹ ਇਲੈਵਨ ਅਤੇ ਪੰਜਾਬ ਪੁਲਿਸ ਵਿਚਕਾਰ ਹੋਇਆ।
ਪਹਿਲਾ ਮੈਚ ਭਾਰਤੀ ਹਵਾਈ ਫੌਜ ਨੇ ਸ਼੍ਰੀਲੰਕਾ ਏਅਰ ਫੋਰਸ ਖਿਲਾਫ 4-0 ਨਾਲ ਜਿੱਤਿਆ ਸੀ। ਭਾਰਤੀ ਹਵਾਈ ਸੈਨਾ ਦੇ ਜੇਡਬਲਿਊਓ ਲਵਦੀਪ ਸਿੰਘ ਨੇ ਚਾਰ ਗੋਲ ਕੀਤੇ। ਉਸ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਦੂਜੇ ਮੈਚ ਵਿੱਚ ਚੰਡੀਗੜ੍ਹ ਇਲੈਵਨ ਨੇ ਪੰਜਾਬ ਪੁਲਿਸ ਨੂੰ 5-3 ਨਾਲ ਹਰਾਇਆ।