ਸੁਨਹਿਰੇ ਭਵਿੱਖ ਲਈ ਸਾਨੂੰ ਵਾਤਾਵਰਨ ਨੂੰ ਬਚਾਉਣਾ ਚਾਹੀਦਾ - ਇੰਜ. ਜਸਵੰਤ ਸਿੰਘ
ਪ੍ਰਮੋਦ ਭਾਰਤੀ
ਨਵਾਂਸ਼ਹਿਰ 25 ਅਪ੍ਰੈਲ 2024 : ਕੈਂਪਸ ਡਾਇਰੈਕਟਰ ਡਾ: ਰਸ਼ਮੀ ਗੁਜਰਾਤੀ ਦੀ ਦੇਖ-ਰੇਖ ’ਚ ਕਰਿਆਮ ਰੋਡ ’ਤੇ ਸਥਿਤ ਕੇ.ਸੀ ਪੌਲੀਟੈਕਨਿਕ ਕਾਲਜ ਵਿਖੇ ਵਿਸ਼ਵ ਧਰਤੀ ਦਿਵਸ ਦੇ ਮੌਕੇ ’ਤੇ ਬੂਟੇ ਲਗਾਉਣ ਦੇ ਨਾਲ-ਨਾਲ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਮੁੱਖ ਬੁਲਾਰੇ ਇੰਜ. ਸੋਮ ਰਾਜ ਸ਼ਰਮਾ, ਇੰਜ. ਜਸਵੰਤ ਸਿੰਘ, ਵਿਦਿਆਰਥੀ ਅਕਰਮੂਲ ਅਤੇ ਅਭਿਸ਼ੇਕ ਰਹੇ। ਇੰਜ. ਸੋਮ ਰਾਜ, ਇੰਜ. ਜਸਵੰਤ ਸਿੰਘ ਅਤੇ ਹੋਰ ਵਿਦਿਆਰਥੀਆਂ ਨੇ ਦੱਸਿਆ ਕਿ ਸਾਨੂੰ ਅੰਨ੍ਹ, ਪਾਣੀ, ਆਕਸੀਜਨ, ਜੀਵਨ ਸਭ ਕੁਝ ਧਰਤੀ ਮਾਂ ਤੋਂ ਹੀ ਮਿਲਦਾ ਹੈ। ਬਦਲੇ ’ਚ ਸਾਨੂੰ ਇਸ ਨੂੰ ਸੁੰਦਰ ਬਣਾਉਣ ਲਈ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਸਾਨੂੰ ਰੁੱਖ ਲਗਾ ਕੇ ਇਸ ਨੂੰ ਸੁੰਦਰ ਬਣਾਉਣਾ ਚਾਹੀਦਾ ਹੈ। ਧਰਤੀ ਦੇ ਨਾਲ-ਨਾਲ ਸਾਨੂੰ ਭੋਜਨ, ਪਾਣੀ ਅਤੇ ਵਾਤਾਵਰਨ ਨੂੰ ਵੀ ਬਚਾਉਣਾ ਹੋਵੇਗਾ ਤਾਂ ਜੋ ਆਉਣ ਵਾਲੇ ਹਰ ਮਨੁੱਖ ਦਾ ਭਵਿੱਖ ਉੱਜਵਲ ਹੋ ਸਕੇ। ਉਨ੍ਹਾਂ ਦੱਸਿਆ ਕਿ ਸਾਨੂੰ ਰਸੋਈ ਦਾ ਵਰਤਿਆ ਜਾਣ ਵਾਲਾ ਸਮਾਨ ਬਰਤਨਾਂ ’ਚ ਪਾ ਕੇ ਖਾਦ ਵਜੋਂ ਵਰਤਣਾ ਚਾਹੀਦਾ ਹੈ। ਸੜਕ ’ਤੇ ਡਿਸਪੋਜ਼ੇਬਲ ਗਲਾਸ ਦੀ ਵਰਤੋਂ ਕਰਨ ਦੀ ਬਜਾਏ ਸਾਨੂੰ ਸਟੀਲ ਦੇ ਗਿਲਾਸ ਆਪਣੇ ਕੋਲ ਰੱਖਣੇ ਚਾਹੀਦੇ ਹਨ। ਜੀਵਨ ’ਚ ਸਫ਼ਲ ਹੋਣ ਲਈ ਆਪਣੇ ਆਪ ’ਚ ਖੋਜ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਪ੍ਰਣ ਦੁਆਇਆ ਕਿ ਉਹ ਅੱਜ ਤੋਂ ਕਿਸੇ ਵੀ ਚੀਜ਼ ਦੀ ਬਰਬਾਦੀ ਨਹੀਂ ਕਰਣਗੇ। ਆਪਣੇ ਭਵਿੱਖ ਨੂੰ ਧੁੰਦਲਾ ਹੋਣ ਤੋਂ ਬਚਾਉਣ ਲਈ ਸਾਨੂੰ ਰੁੱਖ ਲਗਾਉਣੇ ਚਾਹੀਦੇ ਹਨ, ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ, ਬਿਜਲੀ ਦੀ ਬੱਚਤ ਕਰਨੀ ਚਾਹੀਦੀ ਹੈ ਅਤੇ ਅਨਾਜ ਦੀ ਵੀ ਬਰਬਾਦੀ ਨਹੀਂ ਕਰਨੀ ਚਾਹੀਦੀ। ਅੰਤ ’ਚ ਸਾਰਿਆਂ ਨੇ 15 ਪੌਦੇ ਗਮਲਿਆਂ ’ਚ ਅਤੇ ਜ਼ਮੀਨ ’ਚ ਲਗਾ ਕੇ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਲਈ। ਮੌਕੇ ’ਤੇ ਇੰਜ. ਅਲਕਾ ਭਾਰਦਵਾਜ, ਇੰਜ. ਦਵਿੰਦਰ ਸਿੰਘ, ਇੰਜ. ਜੋਤੀ ਚੋਪੜਾ, ਇੰਜ. ਮਨੀਸ਼ ਬੰਗਾ, ਜਤਿੰਦਰ ਕੌਰ, ਕਾਜਲ, ਜਗਜੀਵਨ ਰਾਮ ਆਦਿ ਹਾਜ਼ਰ ਰਹੇ।