ਬਾਦਲ ਪਰਿਵਾਰ ਨੇ ਪੰਥਕ ਸੰਸਥਾਵਾਂ ਨੂੰ ਹਾਸ਼ੀਏ ਤੇ ਲੈ ਆਂਦਾ - ਜਥੇਦਾਰ ਗੁਰਿੰਦਰ ਸਿੰਘ ਬਾਜਵਾ
ਗੁਰਦਾਸਪੁਰ, 25 ਅਪ੍ਰੈਲ 2024 : ਬੇ-ਗਮਪੁਰਾ ਖਾਲਸਾ ਰਾਜ ਪਾਰਟੀ ਦੇ ਸੀਨੀਅਰ ਆਗੂ ਗਿਆਨੀ ਦਵਿੰਦਰ ਸਿੰਘ ਵੱਲੋਂ ਲੋਕ ਸਭਾ ਚੋਣਾਂ ਦੇ ਚਲਦਿਆਂ ਆਪਣੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿੱਥੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਨਿਧੜਕ ਉਮੀਦਵਾਰ ਅਤੇ ਬੇਗਮਪੁਰਾ ਖਾਲਸਾ ਰਾਜ ਦੇ ਪ੍ਰਧਾਨ ਜੱਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜੋ ਲੋਕ ਅਜੇ ਵੀ ਬਾਦਲ ਪਰਿਵਾਰ ਨੂੰ ਪੰਥ ਦੇ ਹਿਤੈਸ਼ੀ ਸਮਝਦੇ ਹਨ, ਇਤਿਹਾਸ ਅਤੇ ਪੰਜਾਬ ਦਾ ਅਵਾਮ ਉਹਨਾਂ ਨੂੰ ਕਦੇ ਮੁਆਫ ਨਹੀਂ ਕਰੇਗਾ।
ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਜਿੱਥੇ ਪੰਥ ਅਤੇ ਪੰਜਾਬ ਦਾ ਭਾਰੀ ਨੁਕਸਾਨ ਕੀਤਾ ਹੈ, ਉਥੇ ਸਾਡੀਆਂ ਪੰਥਕ ਸੰਸਥਾਵਾਂ ਨੂੰ ਵੀ ਹਾਸ਼ੀਏ ਤੇ ਲੈ ਆਂਦਾ ਹੈ। ਉਹਨਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਕੌਮ ਨੂੰ ਕੋਈ ਵੀ ਸੰਦੇਸ਼ ਦਿੰਦੇ ਸਨ ਤਾਂ ਕੇਂਦਰ ਦੀਆਂ ਸਰਕਾਰਾਂ ਅਤੇ ਏਜੰਸੀਆਂ ਬੜੇ ਗੌਰ ਨਾਲ ਦੇਖਦੀਆਂ ਸਨ ਅਤੇ ਉਹਨਾਂ ਨੂੰ ਦਰਪੇਸ਼ ਆ ਰਹੀਆਂ ਸਮਸਿਆਵਾਂ ਦਾ ਤੁਰੰਤ ਹੱਲ ਕਰਨ ਦਾ ਯਤਨ ਵੀ ਕਰਦੀਆਂ ਸਨ, ਪਰ ਅੱਜ ਬਾਦਲ ਪਰਿਵਾਰ ਨੇ ਇਹ ਹਾਲਾਤ ਬਣਾ ਦਿੱਤੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਾਰ ਬਾਰ ਚਿੱਠੀਆਂ ਲਿਖ ਕੇ ਸਮਾਂ ਮੰਗ ਰਹੇ ਹਨ ਪਰ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਅਤੇ ਇਸੇ ਤਰ੍ਹਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਪਿਛਲੇ ਚਾਰ ਤੋਂ ਪੰਜ ਮਹੀਨਿਆਂ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਮਾਂ ਮੰਗ ਰਹੀ ਹੈ, ਪਰ ਉਸਨੂੰ ਵੀ ਸਮਾਂ ਨਹੀਂ ਦਿੱਤਾ ਜਾ ਰਿਹਾ। ਜੱਥੇਦਾਰ ਸ. ਗੁਰਿੰਦਰ ਸਿੰਘ ਬਾਜਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸਭ ਦਾ ਮੁੱਖ ਕਾਰਨ ਹੈ ਬਾਦਲ ਪਰਿਵਾਰ ਨੇ ਪੰਥਕ ਸੰਸਥਾਵਾਂ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਹੈ, ਜਿਸਦਾ ਜੁਆਬ ਪੰਜਾਬ ਦੀ ਜਨਤਾ ਅਗਾਮੀ ਲੋਕ ਸਭਾ ਚੋਣਾਂ ਵਿੱਚ ਜ਼ਰੂਰ ਦੇਵੇਗੀ। ਇਸ ਮੌਕੇ ਤੇ ਸੁਖਵਿੰਦਰ ਸਿੰਘ ਧਰਮੀ ਫੌਜੀ, ਨਿਰਮਲ ਸਿੰਘ ਸਾਗਰਪੁਰਾ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਗੁਰਬਚਨ ਸਿੰਘ, ਦਲਬੀਰ ਸਿੰਘ ਮੱਧਰਾ, ਪ੍ਰਭਜੀਤ ਸਿੰਘ, ਕਰਨੈਲ ਸਿੰਘ, ਭਗਵੰਤ ਸਿੰਘ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਿੰਦਰਜੀਤ ਸਿੰਘ, ਜਸਵੰਤ ਸਿੰਘ ਬਾਜਵਾ, ਲਾਲੀ ਸਿੰਘ, ਹੀਰਾ ਸਿੰਘ, ਮੰਗਲ ਸਿੰਘ, ਝਿਰਮਲ ਸਿੰਘ, ਸਾਹਿਲ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਰਾਜਿੰਦਰ ਸਿੰਘ, ਅਰਸ਼ਦੀਪ, ਸੁੱਚਾ ਸਿੰਘ, ਗੋਪਾਲ ਸਿੰਘ ਅਤੇ ਗੁਰਜੀਤ ਸਿੰਘ ਤੋਂ ਇਲਾਵਾ ਇਲਾਕੇ ਭਰ ਦੇ ਲੋਕ ਹਾਜ਼ਿਰ ਸਨ।