DC ਵਿਸ਼ੇਸ਼ ਸਾਰੰਗਲ ਵੱਲੋਂ ਕਾਦੀਆਂ ਦਾਣਾ ਮੰਡੀ ਦਾ ਦੌਰਾ
ਕਿਹਾ - ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ
ਰੋਹਿਤ ਗੁਪਤਾ
ਕਾਦੀਆਂ /ਗੁਰਦਾਸਪੁਰ 24 ਅਪ੍ਰੈਲ 2024 : ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵਲੋਂ ਬੀਤੀ ਸ਼ਾਮ ਕਾਦੀਆਂ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਇੱਥੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਤੇਜ਼ੀ ਨਾਲ ਵੱਧ ਰਹੀ ਹੈ, ਕਿਉਂਕਿ ਆਮਤੌਰ ਤੇ ਫਸਲ ਦੀ ਆਮਦ ਮੰਡੀਆਂ ਵਿੱਚ 13-14 ਅਪਰੈਲ ਨੂੰ ਹੋ ਜਾਂਦੀ ਸੀ ਪਰ ਇਸ ਵਾਰ ਮੌਸਮ ਖਰਾਬ ਹੋਣ ਕਰਕੇ ਆਮਦ ਲੇਟ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾ ਨੂੰ ਮੰਡੀਆਂ ਵਿੱਚ ਸੁੱਕੀ ਫਸਲ ਲੈ ਕੇ ਹੀ ਆਉਣ ਦੀ ਅਪੀਲ ਕੀਤੀ ਸੀ, ਜਿਸ ਤੇ ਕਿਸਾਨਾਂ ਨੇ ਜਿਲਾ ਪਰਸ਼ਾਸਨ ਦਾ ਸਾਥ ਦਿੱਤਾ, ਜਿਸ ਨਾਲ ਫਸਲ ਦੀ ਖਰੀਦ ਦੇ ਨਾਲ- ਨਾਲ ਚੁਕਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਇਸ ਲਈ ਉਹ ਆਪ ਖੁਦ, ਏਡੀਸੀ, ਐਸਡੀਐਮਜ, ਮੰਡੀ ਅਫਸਰ ਅਤੇ ਫੂਡ ਸਪਲਾਈ ਅਫਸਰਾਂ ਵਲੋਂ ਲਗਾਤਾਰ ਮੰਡੀਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਕਿ ਜੇਕਰ ਕਿਤੇ ਕੋਈ ਮੁਸ਼ਕਿਲ ਹੈ ਤਾਂ ਉਸਦਾ ਪਹਿਲਾਂ ਤੋਂ ਹੀ ਹੱਲ ਕਰ ਲਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਕਾਦੀਆਂ ਦਾਣਾ ਮੰਡੀ ਵਿੱਖੇ ਚੱਲ ਰਹੀ ਖਰੀਦ ਪ੍ਰਕਿਰਿਆ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਹੈ ਕਿ ਇਹ ਕਾਦੀਆਂ ਦੀ ਮੰਡੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਫਸਲ ਦੀ ਖਰੀਦ ਦੇ ਨਾਲ ਅਗਲੇ ਦਿਨ ਹੀ ਫਸਲ ਦੀ ਚੁਕਾਈ ਸ਼ੁਰੂ ਹੋ ਗਈ ਹੈ। ਉਨਾ ਦੱਸਿਆ ਕਿ ਇੱਕ ਦਿਨ ਵਿੱਚ ਹੀ ਕਾਦੀਆਂ ਮੰਡੀ ਵਿੱਚੋਂ 520 ਮੀਟਰਕ ਟਨ ਫਸਲ ਦੀ ਚੁਕਾਈ ਕੀਤੀ ਗਈ ਹੈ।
ਇਸ ਮੌਕੇ ਉਨ੍ਹਾਂ ਕਿਸਾਨਾਂ, ਮਜਦੂਰਾਂ ਅਤੇ ਆੜਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਹੱਲ ਕਰਨ ਦਾ ਯਕੀਨ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਹਰ ਸਮੱਸਿਆ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੌਸਮ ਦੇ ਖਤਰੇ ਦੇ ਮੱਦੇਨਜਰ ਮੰਡੀਆਂ ਵਿਚ ਤਰਪਾਲਾਂ ਦੀ ਜਰੂਰਤ ਅਨੁਸਾਰ ਵਿਵਸਥਾ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਮੰਡੀਆਂ ਵਿਚ ਛਾਂ ਅਤੇ ਪੀਣ ਦੇ ਪਾਣੀ ਦੇ ਇੰਤਜਾਮ ਆਦਿ ਵਿੱਚ ਕੋਈ ਢਿੱਲਮੱਠ ਨਾ ਵਰਤੀ ਜਾਵੇ।ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਅਤੇ ਜਿਲਾ ਪਰਸ਼ਾਸਨ ਕਣਕ ਦੀ ਫਸਲ ਦਾ ਦਾਣਾ-ਦਾਣਾ ਖਰੀਦਣ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਡੀ ਐਫ ਐਸ ਸੀ ਸੁਖਵਿੰਦਰ ਸਿੰਘ,ਡੀ ਐਮ ਓ ਬਿਕਰਮਜੀਤ ਸਿੰਘ , ਨਰਿੰਦਰ ਸਿੰਘ ਭਾਟੀਆ ਪ੍ਰਧਾਨ ਆੜਤੀ ਯੂਨੀਅਨ, ਸੁਪਰਵਾਈਜ਼ਰ ਅਨਿਲ, ਸੁਮਿਤ ਅਤੇ ਇੰਸਪੈਕਟਰ ਕਮਲਪ੍ਰੀਤ ਸਿੰਘ ਆਦਿ ਮੌਜੂਦ ਸਨ।