ਕੈਨੇਡਾ ਵਿਚ ਫੈਡਰਲ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ
ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਮੁਕਾਬਲਾ ਬਹੁਤ ਸਖਤ
ਸਰਕਾਰ ਬਣਾਉਣ ਲਈ ਜਗਮੀਤ ਸਿੰਘ ਫਿਰ ਬਣ ਸਕਦਾ ਹੈ ਕਿੰਗ
ਹਰਦਮ ਮਾਨ
ਸਰੀ, 20 ਸਤੰਬਰ 2021-ਕੈਨੇਡਾ ਵਿਚ ਨਵੀਂ ਫੈਡਰਲ ਸਰਕਾਰ ਬਣਾਉਣ ਲਈ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਪਿਛਲੀਆਂ ਫੈਡਰਲ ਚੋਣਾਂ ਵਾਂਗ ਇਸ ਵਾਰ ਵੀ ਸਥਿਤੀ ਸਪਸ਼ਟ ਨਹੀਂ ਦਿਖਾਈ ਦੇ ਰਹੀ ਕਿ ਕਿਸ ਪਾਰਟੀ ਦੀ ਸਰਕਾਰ ਬਣੇਗੀ ਕਿਉਂਕਿ ਹੁਣ ਤੱਕ ਜਿੰਨੇ ਵੀ ਚੋਣ ਸਰਵੇਖਣ ਸਾਹਮਣੇ ਆਏ ਹਨ ਉਨ੍ਹਾਂ ਅਨੁਸਾਰ ਇਸ ਵਾਰ ਵੀ ਕੋਈ ਇਕ ਪਾਰਟੀ ਬਹੁਮਤ ਹਾਸਲ ਕਰਦੀ ਨਹੀਂ ਦਿਖਾਈ ਦਿੰਦੀ। ਸੀਬੀਸੀ ਦੇ ਤਾਜ਼ਾ ਪੋਲ ਟਰੈਕਰ ਅਨੁਸਾਰ ਲਿਬਰਲ ਪਾਰਟੀ ਨੂੰ 31.5%, ਕੰਜ਼ਰਵੇਟਿਵ ਪਾਰਟੀ ਨੂੰ 31%, ਐਨਡੀਪੀ ਨੂੰ 19.1%, ਪੀਪਲਜ਼ ਪਾਰਟੀ ਆਫ ਕੈਨੇਡਾ ਨੂੰ 7%, ਬਲੌਕ ਕਿਉਬੈਕਵਾ 6.8% ਨੂੰ, ਗਰੀਨ ਪਾਰਟੀ ਨੂੰ 3.5% ਅਤੇ ਆਜ਼ਾਦ ਉਮੀਦਵਾਰਾਂ ਨੂੰ 1.1% ਵੋਟਾਂ ਪੈਣ ਦੀ ਸੰਭਾਵਨਾ ਹੈ। ਇਸ ਸਰਵੇਖਣ ਅਨੁਸਾਰ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਅਤੇ ਓਟੂਲ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਵਿਚਕਾਰ ਮੁਕਾਬਲਾ ਬਹੁਤ ਸਖਤ ਹੋ ਗਿਆ ਹੈ। ਇਸ ਵਾਰ ਵੀ ਵੱਡੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ ਕਿ ਸਰਕਾਰ ਬਣਾਉਣ ਵਿਚ ਜਗਮੀਤ ਸਿੰਘ ਦੀ ਪਾਰਟੀ ਐਨ.ਡੀ.ਪੀ. ਦਾ ਮਹੱਤਵਪੂਰਨ ਰੋਲ ਰਹੇਗਾ।
ਫੈਡਰਲ ਚੋਣਾਂ ਲਈ ਐਡਵਾਂਸ ਵੋਟਿੰਗ 10 ਤੋਂ 13 ਸਤੰਬਰ ਤੱਕ ਹੋਈ ਹੈ ਅਤੇ ਇਸ ਵਾਰ ਕੈਨੇਡੀਅਨ ਨਾਗਰਿਕਾਂ ਨੇ ਐਡਵਾਂਸ ਵੋਟਿੰਗ ਪ੍ਰਤੀ ਭਾਰੀ ਉਤਸ਼ਾਹ ਵਿਖਾਇਆ। ਲੱਗਭੱਗ 5.8 ਮਿਲੀਅਨ ਲੋਕਾਂ ਨੇ ਇਨ੍ਹਾਂ ਫੈਡਰਲ ਚੋਣਾਂ ਲਈ ਐਡਵਾਂਸ ਵੋਟਾਂ ਪਾਈਆਂ ਹਨ ਜੋ ਕਿ 2019 ਦੀਆਂ ਚੋਣਾਂ ਦੇ ਮੁਕਾਬਲੇ 19% ਜ਼ਿਆਦਾ ਹਨ।
ਦੱਸਣਯੋਗ ਹੈ ਕਿ 2019 ਆਂ ਚੋਣਾਂ ਵਿਚ ਲਿਬਰਲ ਪਾਰਟੀ ਨੂੰ ਬਹੁਮੱਤ ਹਾਸਲ ਕਰਨ ਲਈ ਸਿਰਫ 13 ਸੀਟਾਂ ਹੋਰ ਚਾਹੀਦੀਆਂ ਸਨ ਜੋ ਉਹ ਹਾਸਲ ਨਾ ਕਰ ਸਕੀ ਅਤੇ ਐਨਡੀਪੀ ਦੇ ਸਮਰਥਨ ਨਾਲ ਜਸਟਿਨ ਟਰੂਡੋ ਦੀ ਸਰਕਾਰ ਬਣੀ ਸੀ। ਕੋਵਿਡ-19 ਮਹਾਂਮਾਰੀ ਦੌਰਾਨ ਕੀਤੇ ਕੰਮਾਂ ਦਾ ਲਾਹਾ ਲੈਂਦਿਆਂ ਜਸਟਿਨ ਟਰੂਡੋ ਨੇ ਸਮੇਂ ਤੋਂ ਪਹਿਲਾਂ ਫੈਡਰਲ ਚੋਣਾਂ ਦਾ ਐਲਾਨ ਕਰ ਦਿੱਤਾ ਤਾਂ ਕਿ ਲਿਬਰਲ ਪਾਰਟੀ ਦੀ ਬਹੁਮਤ ਵਾਲੀ ਸਰਕਾਰ ਕਾਇਮ ਕੀਤੀ ਜਾ ਸਕੇ ਪਰ ਤਾਜ਼ਾ ਹਾਲਾਤ ਅਨੁਸਾਰ ਉਨ੍ਹਾਂ ਦੀਆਂ ਅਜਿਹੀਆਂ ਉਮੀਦਾਂ ਨੂੰ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ। ਅਸਲ ਸਥਿਤੀ ਅੱਜ ਸ਼ਾਮ ਚੋਣਾਂ ਤੋਂ ਬਾਅਦ ਸਾਹਮਣੇ ਆ ਜਾਵੇਗੀ
ਫੋਨ: +1 604 308 6663
ਈਮੇਲ : maanbabushahi@gmail.com