ਸਫਾਈ ਸੇਵਕ ਯੂਨੀਅਨ ਵਲੋਂ ਸਰਕਾਰ ਖਿਲਾਫ ਹੜਤਾਲ ਜਾਰੀ
ਦੀਪਕ ਜੈਨ
- ਮੰਗ - ਮੰਗ ਕੇ ਦੇਖ ਲਿਆ ਹੁਣ ਜੋਰ ਲਗਾ ਕੇ ਦੇਖਾਂਗੇ -ਪੰਜਾਬ ਪ੍ਰਧਾਨ
ਜਗਰਾਓਂ, 24 ਜੂਨ 2021 - ਅੱਜ ਸਫਾਈ ਕਰਮਚਾਰੀਆਂ ਦੀ ਹੜਤਾਲ 42ਵੇਂ ਦਿਨ ਵਿੱਚ ਦਾਖਲ ਹੋ ਗਈ। ਅੱਜ ਯੂਨੀਅਨ ਦੇ ਜਿਲਾ ਪ੍ਰਧਾਨ ਅਰੁਣ ਗਿਲ ਨੇ ਕਿਹਾ ਕਿ ਬੀਤੇ ਕੱਲ ਸਫਾਈ ਸੇਵਕ ਯੂਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਦੇ ਸੱਦੇ 'ਤੇ ਨੈਸ਼ਨਲ ਹਾਈਵੇ ਦੋਰਾਹਾ ਵਿਖੇ ਲਗਭੱਗ 2 ਘੰਟੇ ਲਈ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਪੰਜਾਬ ਸਰਕਾਰ ਨੂੰ ਸਿਰਫ ਛੋਟਾ ਜਿਹਾ ਕਰਾਰਾ ਝਟਕਾ ਦਿੱਤਾ ਗਿਆ ਹੈ। ਓਨਾ ਕਿਹਾ ਕਿ ਅੱਜ ਗੁਰੀਲਾ ਰਣਨੀਤੀ ਤਹਿਤ ਪੰਜਾਬ ਪ੍ਰਧਾਨ ਅਸ਼ੋਕ ਸਾਰਵਾਨ, ਸੂਬਾ ਜਨਰਲ ਸਕੱਤਰ ਰਮੇਸ਼ ਗੇਚੰਡ ਨੇ ਦੱਸਿਆ ਕਿ ਹੁਣ ਸਮਾਂ ਸੰਘਰਸ਼ ਨੂੰ ਨਵੇਂ ਰੂਪ ਵਿਚ ਤਿੱਖਾ ਕਰਨ ਦਾ ਆ ਗਿਆ ਹੈ ਕਿਉਂਕਿ ਸ਼ਾਂਤਮਈ ਸੰਘਰਸ਼ ਦੀ ਭਾਸ਼ਾ ਰਾਜਨੈਤਿਕ ਲੀਡਰਾਂ ਤੇ ਲੋਕਾਂ ਦੇ ਭਲੇ ਲਈ ਬਣੇ ਮੰਤਰੀਆਂ ਨੂੰ ਸਮਝ ਨਹੀਂ ਆ ਰਹੀ।
ਪ੍ਰਧਾਨ ਗਿਲ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜਨੀਤਕ ਆਗੂਆਂ ਦੇ ਘਰਾਂ ਤੋਂ ਸੰਘਰਸ਼ ਦੀ ਤਿੱਖੇ ਤਰੀਕੇ ਨਾਲ ਸ਼ੁਰੂਆਤ ਕੀਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਅੰਦਰ ਸਰਕਾਰੀ ਅਧਿਕਾਰੀਆਂ ਦੇ ਦਫਤਰਾਂ ਨੂੰ ਵੀ ਤਿੱਖੇ ਸੰਘਰਸ਼ ਨਾਲ ਜਗਾਇਆ ਜਾਵੇਗਾ। ਓਨਾ ਕਿਹਾ ਕਿ ਕੁੱਝ ਰਾਜਨੀਤਕ ਲੋਕ ਜਾਣ - ਬੁੱਝ ਕੇ ਆਪਣੇ ਆਪ ਨੂੰ ਚਮਕਾਉਣ ਲਈ ਸਫਾਈ ਦਾ ਕੰਮ ਕਰਵਾ ਕੇ ਸਾਡੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਿਹਾ ਕਿ ਜੋ ਵੀ ਸੰਘਰਸ਼ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕਰੇਗਾ ਉਸ ਦਾ ਜੁਆਬ ਤਿੱਖੇ ਤਰੀਕੇ ਨਾਲ ਕੀਤਾ ਜਾਵੇਗਾ। ਉਹ ਭਾਵੇਂ ਸਫਾਈ ਦਾ ਕੰਮ ਹੋਵੇ ਜਾਂ ਸੀਵਰੇਜ ਦਾ ਜੋ ਵੀ ਕੰਮ ਕਰਦਾ ਫੜਿਆ ਗਿਆ ਉਹ ਆਪਣਾ ਜਿੰਮੇਵਾਰ ਖੁਦ ਹੋਵੇਗਾ ਅਤੇ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਰਾਜਨੀਤਕ ਆਗੂਆਂ ਦੇ ਘਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਦੇ ਨਾਲ ਨਾਲ ਸਖਤੀ ਵਰਤਨੀ ਪਈ ਤਾਂ ਉਸ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ ਕਿਸੇ ਨੂੰ ਵੀ ਸਫਾਈ ਸੇਵਕਾਂ ਤੇ ਸੀਵਰਮੈਨਾ ਦੇ ਕੰਮ ਨੂੰ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾਵੇਗੀ।
ਇਸ ਮੌਕੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿਲ ਸੈਕਟਰੀ ਰਜਿੰਦਰ ਕੁਮਾਰ, ਪ੍ਰਧਾਨ ਗੋਵਰਧਨ ਸੀਵਰੇਜ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਰਾਜ ਕੁਮਾਰ ਅਤੇ ਸਮੂਹ ਮਿਊਂਸਪਲ ਕਾਮੇ ਹਾਜਰ ਸਨ।