ਹਿਮਾਚਲ ਦੇ ਪਾਲਮਪੁਰ ਰੇਲਵੇ ਸਟੇਸ਼ਨ ਤੇ ਖੜੀ ਰੇਲ ਗੱਡੀ ਦੇ ਮਗਰਲੇ ਪਾਸੇ ਬਰਫ਼ ਵਾਲਾ ਧੌਲ਼ਧਾਰ ਪਹਾੜ
ਗੁਰਪ੍ਰੀਤ ਸਿੰਘ ਮੰਡਿਆਣੀ
ਕਰਫਿਊ ਦੀ ਵਜ਼ਾਹ ਨਾਲ ਸਾਫ ਹੋਈ ਫਿਜ਼ਾ ਕਰਕੇ ਜਲੰਧਰ ਤੇ ਪੰਜਾਬ ਦੀਆਂ ਕਰੀ ਹੋਰ ਦੁਰੇਡੀਆਂ ਥਾਂਵਾਂ ਤੋਂ ਹਿਮਾਚਲ ਦੇ ਧੌਲ਼ਧਾਰ ਪਹਾੜਾਂ ਤੇ ਪਈ ਬਰਫ਼ ਦਿਸਣ ਦੀਆਂ ਖ਼ਬਰਾਂ ਆਈਆਂ ਸਨ ।ਇਸ ਬਾਬਤ ਮੈਂ ਵੀ 3 ਅਪ੍ਰੈਲ ਨੂੰ ਇੱਕ ਖ਼ਬਰ ਲਿਖੀ ਸੀ , ਜਿਸ ਚ ਇੱਕ ਯਾਤਰੀ ਮੋਹਣ ਲਾਲ ਵੱਲੋਂ ਲਿਖੀ ਕਿਤਾਬ ਦਾ ਹਵਾਲਾ ਦੇ ਕੇ ਦੱਸਿਆ ਸੀ ਕਿ ਸੰਨ 1834 ਚ ਲੁਧਿਆਣਿਓਂ ਵੀ ਧੌਲ਼ਧਾਰ ਦੇ ਪਹਾੜ ਸਾਫ ਦਿਸਦੇ ਹੁੰਦੇ ਸੀ।
ਖ਼ਬਰ ਪੜ੍ਹ ਕੇ ਬਹੁਤ ਸਾਰੇ ਪਠਕਾਂ ਨੇ ਧੌਲ਼ਧਾਰ ਪਹਾੜ ਲੜੀ ਬਾਰੇ ਦਰਿਆਫਤ ਕੀਤਾ ਕੇ ਇਹ ਪਹਾੜ ਕਿੱਥੇ ਹਨ ਤੇ ਕਈਆਂ ਦੇ ਸਵਾਲ ਕੁਸ਼ ਵੱਖਰੇ ਸੀਗੇ।ਸੋ ਮੈਂ ਦੱਸਣ ਲੱਗਿਆ ਹਾਂ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਪਿਛਲੇ ਪਾਸੇ ਦਿਸਦੇ ਤੇ ਹਰੀ ਭਾਅ ਮਾਰਦੇ ਪਹਾੜ ਸ਼ਿਵਾਲਿਕ ਪਹਾੜ ਲੜੀ ਅਖਵਾਉਂਦੇ ਹਨ। ਇਹ ਲੜੀ ਪੰਜਾਬ ਚ ਹੁਸ਼ਿਆਰ ਤੇ ਪਠਾਣਕੋਟ ਜਿਲਿਆਂ ਦੇ ਉਪਰ ਦੀ ਹੁੰਦੀ ਹੋਈ ਅਗਾਂਹ ਜੰਮੂ ਕੋਲ ਜਾ ਪੁੱਜਦੀ ਹੈ ।ਸ਼ਿਵਾਲਿਕ ਪਹਾੜ ਦੇ ਹੋਰ ਮਗਰਲੇ ਪਾਸੇ ਹਿਮਾਚਲ ਦਾ ਨੀਮ ਮੈਦਾਨੀ ਇਲਾਕਾ ਕਾਂਗੜਾ ਘਾਟੀ ਅਖਵਾਉਂਦਾ ਹੈ। ਕਾਂਗੜਾ ਘਾਟੀ ਦੇ ਹੋਰ ਉਤਲੇ ਪਾਸੇ ਉੱਚੇ ਪਹਾੜਾਂ ਦੀ ਇੱਕ ਨੀਲੀ ਭਾਅ ਮਾਰਦੀ ਲੜੀ ਦਿਖਾਈ ਦਿੰਦੀ ਹੈ ਜੀਹਨੂੰ ਧੌਲ਼ਧਾਰ ਦੇ ਦੇ ਪਹਾੜ ਕਹਿੰਦੇ ਨੇ ।ਇਹਨਾਂ ਪਹਾੜਾਂ ਤੇ ਹੀ ਬਰਫ਼ ਪੈਂਦੀ ਹੈ ਜੋ ਸਾਨੂੰ ਅੱਜ ਕੱਲ ਪਲੂਸ਼ਨ ਘਟਣ ਕਰਕੇ ਇੱਕ ਸੌ ਕਿਲੋਮੀਟਰ ਤੋਂ ਵੀ ਦਿਖਾਈ ਦੇ ਰਹੀ ਹੈ।
ਵੱਖ ਵੱਖ ਪਾਠਕਾਂ ਨਾਲ ਗੱਲ ਕਰਦਿਆਂ ਮੈਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਫ਼ੋਨ ਕਰਨ ਵਾਲੇ ਬਹੁਤ ਸਾਰੇ ਹੀ ਇਸ ਗੱਲ ਤੋਂ ਨਾ-ਵਾਕਫ ਸਨ ਕਿ ਸ਼ਿਵਾਲਿਕ ਅਤੇ ਧੌਲ਼ਧਾਰ ਪਹਾੜਾਂ ਦੇ ਦਰਮਿਆਨ ਇੱਕ ਰੇਲਵੇ ਲਾਈਨ ਵੀ ਹੈ ਤੇ ਉਹ ਵੀ 165 ਕਿਲੋਮੀਟਰ ਲੰਮੀ ।ਇਸ ਲਾਇਨ ਤੇ ਚਲਦੀ ਰੇਲ ਗੱਡੀ ਦੇ ਸਫਰ ਦੌਰਾਨ ਇੱਕ ਪਾਸੇ ਸ਼ਿਵਾਲਿਕ ਪਹਾੜੀਆਂ ਤੇ ਦੂਜੇ ਪਾਸੇ ਧੌਲੀਧਾਰ ਪਹਾੜ ਇਓਂ ਦਿਸਦਾ ਹੈ ਜਿਵੇਂ ਅਸੀਂ ਉਹਦੀਆਂ ਜੜਾਂ ਚ ਹੀ ਖੜੇ ਹੋਈਏ ।ਕਾਂਗੜਾ ਘਾਟੀ ਵਾਲੀ ਇਹ ਰੇਲ ਗੱਡੀ ਪੰਜਾਬ ਦੇ ਜਿਲਾ ਸਦਰ ਮੁਕਾਮ ਪਠਾਣਕੋਟ ਤੋਂ ਤੁਰ ਕੇ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਪਹਿਲੇ ਪਣ ਬਿਜਲੀ-ਘਰ ਵਾਲੇ ਸਟੇਸ਼ਨ ਜੁਗਿੰਦਰਨਗਰ ਤੱਕ ਜਾਂਦੀ ਹੈ। ਰੇਲ ਗੱਡੀ ਬਿਲਕੁਲ ਓਹੋ ਜਹੀ ਹੈ ਜੋ ਕਾਲਕਾ ਤੋਂ ਸ਼ਿਮਲੇ ਨੂੰ ਜਾਂਦੀ ਹੈ।ਇਸ ਰੇਲ ਲਾਇਨ ਦਾਂ ਪੰਧ ਵੀ ਸ਼ਿਮਲਾ ਟਰੇਨ ਨਾਲੋਂ ਦੁੱਗਣਾ ਹੈ ਤੇ ਸਫਰ ਵੀ ਦੁੱਗਣਾ ਵਕਤ ਲੈਂਦਾ ਹੈ ।ਇਹ ਸਫਰ 10 ਘੰਟੇ ਦਾ ਹੈ ,ਭਾਵ ਰੇਲ ਦੇ ਮੁਸਾਫ਼ਰ ਲਗਾਤਾਰ ਦਸ ਘੰਟੇ ਧੌਲ਼ਧਾਰ ਪਹਾੜ ਦੇ ਨਾਲ-ਨਾਲ ਸਫਰ ਕਰ ਸਕਦੇ ਹਨ।ਇਸ ਲਾਈਨ ਤੇ ਕੁੱਲ 30 ਰੇਲਵੇ ਸਟੇਸ਼ਨ ਪੈਂਦੇ ਹਨ ਜਿਨਾਂ ਚ ਖਾਸ-ਖਾਸ ਸਟੇਸ਼ਨ ਡਲਹੌਜੀ ਰੋਡ,ਨੂਰਪੁਰ ਰੋਡ,ਨਗਰੋਟਾ,ਗੁਲੇਰ, ਜਵਾਲਾਮੁਖੀ ਰੋਡ, ਕਾਂਗੜਾ , ਚਮੁੰਡਾ ਰੋਡ ,ਸੁਲਾਹ , ਪਾਲਮਪੁਰ ਤੇ ਪੰਚਮੁਖੀ ਹਨ।ਨੀਮ ਮੈਦਾਨੀ ਇਲਾਕਾ ਹੋਣ ਕਰਕੇ ਓਨੇ ਮੋੜ-ਘੇੜ ਨਹੀਂ ਹਨ ਜਿੰਨੇ ਸ਼ਿਮਲੇ ਵਾਲੀ ਰੇਲ ਗੱਡੀ ਦੇ ਰਾਹ ਚ ਹਨ।