ਹਰੀਸ਼ ਕਾਲੜਾ
- ਸਟਰਾਬੈਰੀ, ਵਿਦੇਸ਼ੀ ਅਮਰੂਦ, ਬਾਰ੍ਹਾਂ ਮਾਸੇ ਅੰਬ, ਐਵੋ ਗਾਡੋ, ਡਰੈਗਨ ਫਰੂਟ ਦੀ ਬਾਗਬਾਨੀ ਅਪਣਾ ਕੇ ਕਿਸਾਨ ਨੇ ਛੱਡਿਆ ਰਿਵਾਇਤੀ ਫਸਲੀ ਚੱਕਰ
- ਨੂਰਪੁਰ ਬੇਦੀ ਦੇ ਕਿਸਾਨ ਪਰਮਜੀਤ ਸਿੰਘ ਨੇ ਰਿਵਾਇਤੀ ਫਸਲੀ ਚੱਕਰ ਛੱਡ ਹੋਰ ਕਿਸਾਨਾਂ ਅੱਗੇ ਪੇਸ਼ ਕੀਤੀ ਮਿਸਾਲ
ਨੂਰਪੁਰ ਬੇਦੀ, 31 ਜਨਵਰੀ 2020 -
ਕਿਸਾਨਾਂ ਨੂੰ ਰਿਵਾਇਤੀ ਫਸਲੀ ਚੱਕਰ ਛੱਡ ਕੇ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰਨ ਵੱਲ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਵਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਵਿੱਚ ਇਹਨਾਂ ਵਿਭਾਗਾਂ ਨੂੰ ਕਾਫੀ ਹੱਦ ਤੱਕ ਸਫਲਤਾ ਵੀ ਮਿਲ ਰਹੀ ਹੈ। ਬਹੁਤ ਸਾਰੇ ਅਜਿਹੇ ਕਿਸਾਨ ਹਨ ਜੋ ਜਾਣਕਾਰੀ ਦੀ ਅਣਹੋਂਦ ਕਾਰਨ ਜਾਂ ਬੇਲੋੜੀ ਖੱਜਲ-ਖੁਆਰੀ ਦਾ ਹਵਾਲਾ ਦੇ ਕੇ ਫਸਲੀ ਚੱਕਰ ਵਿਚੋਂ ਨਿਕਲ ਨਹੀਂ ਰਹੇ ਹਨ ਜਦੋਂ ਕਿ ਕੁੱਝ ਕਿਸਾਨਾਂ ਨੇ ਇਸ ਦਿਸ਼ਾ ਵਿੱਚ ਅਜਿਹੀ ਮਿਸਾਲ ਪੇਸ਼ ਕੀਤੀ ਹੈ ਜਿਸਨੇ ਕਿਸਾਨ ਵਰਗ ਤੋਂ ਇਲਾਵਾ ਮਾਹਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ।
ਨੂਰਪੁਰ ਬੇਦੀ ਦੇ ਨੰਗਲ ਅਬਿਆਣਾ ਪਿੰਡ ਦਾ 42 ਸਾਲਾਂ ਅਗਾਂਹ ਵੱਧੂ ਕਿਸਾਨ ਪਰਮਜੀਤ ਸਿੰਘ ਅੱਜ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣ ਰਿਹਾ ਹੈੇ। ਉਸਨੇ ਵੱਖ-ਵੱਖ ਫਸਲਾਂ ਦੀ ਪੈਦਾਵਾਰ ਨਾਲ ਕੇਵਲ ਆਪਣੀ ਆਰਥਿਕਤਾ ਨੂੰ ਹੀ ਮਜਬੂਤ ਨਹੀਂ ਕੀਤਾ ਸਗੋਂ ਆਪਣੇ ਨਾਲ ਜੁੜੇ 18 ਔਰਤਾਂ ਅਤੇ 10 ਪੁਰਸ਼ ਮਜਦੂਰਾਂ ਦਾ ਵੀ ਜੀਵਨ ਪੱਧਰ ਉੱਚਾ ਚੁੱਕਿਆ ਹੈ।
ਪਰਮਜੀਤ ਸਿੰਘ ਨੇ ਨੰਗਲ ਅਬਿਆਣਾ ਦੇ ਆਪਣੇ 18 ਏਕੜ ਦੇ ਖੇਤਾਂ ਵਿਚੋਂ 11 ਏਕੜ ਵਿੱਚ ਸਟਰਾਬੈਰੀ, ਇੱਕ ਏਕੜ ਵਿਚ ਡਰੈਗਨ ਫਰੂਟ ਅਤੇ ਐਵੋ ਗਾਡੋ ਲਗਾਏ ਹੋਏ ਹਨ।ਉਸਨੇ ਕਸਟਡ ਐਪਲ ਗੋਲਡਨ ਦੇ ਮਲੇਸ਼ੀਆਂ ਵਰਾਇਟੀ ਦੇ ਬੂਟੇ ਅਤੇ ਪੰਜ ਤਰ੍ਹਾਂ ਦੇ ਵਿਦੇਸ਼ੀ ਅਮਰੂਦ ਅਤੇ ਬਾਰ੍ਹਾਂ ਮਾਸਾ ਅੰਬ ਦੇ ਬੂਟੇ ਲਗਾ ਕੇ ਨਵੇਂ ਤਜਰਬੇ ਸੁਰੂ ਕੀਤੇ ਹਨ। ਪਰਮਜੀਤ ਸਿੰਘ ਇਸ ਤੋਂ ਪਹਿਲਾਂ ਸਬਜੀਆਂ ਦੀ ਕਾਸ਼ਤ ਕਰਦਾ ਸੀ ਪਰੰਤੂ ਬਾਅਦ ਵਿੱਚ ਉਸਨੇ ਐਮ.ਕੇ.ਫਰੂਟਸ ਕੰਪਨੀ ਬਣਾ ਲਈ ਅਤੇ ਨਵੀਂ ਤਕਨੀਕ ਅਪਣਾ ਕੇ ਆਪਣੇ ਖੇਤੀਬਾੜੀ ਅਤੇ ਬਾਗਬਾਨੀ ਦੇ ਕਿੱਤੇ ਨੁੰ ਪ੍ਰਫੂਲਤ ਕਰਨ ਦੇ ਯਤਨ ਸੁਰੂ ਕਰ ਦਿੱਤੇ ਜਿਸ ਵਿਚੋਂ ਉਸਨੂੰ ਭਰਪੂਰ ਸਫਲਤਾ ਮਿਲਣ ਲੱਗੀ।
ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਉਸਨੂੰ ਮੱਲਚਰ ਅਤੇ ਸਪਰੇਅ ਪੰਪ ਤੇ ਸਬਸਿਡੀ ਵੀ ਦਿਵਾਈ ਅਤੇ ਸਮੇਂ-ਸਮੇਂ ਤੇ ਉਸਨੂੰ ਮਾਹਿਰਾਂ ਦੀ ਰਾਏ ਨਾਲ ਆਪਣਾ ਇਹ ਕਿੱਤਾ ਪ੍ਰਫੂੱਲਤ ਕਰਨ ਦੀ ਪਰ੍ਰੇਣਾ ਦਿੱਤੀ। ਅੱਜ ਉਸਦਾ ਯੂ-ਟਿਊਬ ਚੈਨਲ ਅਤੇ ਗੂਗਲ ਮੈਪ ਹੈ ਅਤੇ ਉਸਨੇ ਆਪਣੇ ਖੇਤਾਂ ਵਿੱਚ ਸੀ. ਸੀ. ਟੀ. ਵੀ. ਕੈਮਰੇ ਲਗਾ ਕੇ ਆਪਣੇ ਇਹਨਾਂ ਬਾਗ ਬਗੀਚੇ ਨੂੰ ਆਨ ਲਾਈਨ ਲਗਾ ਕੇ ਮੌਨਿਟਰਿੰਗ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਉਸ ਵਲੋਂ ਆਪਣੇ ਖੇਤਾਂ ਵਿੱਚ ਮਜਦੂਰੀ ਕਰਨ ਲਈ 18 ਔਰਤਾਂ 10 ਪੁਰਸ਼ ਮਜਦੂਰ ਹਨ ਜਿਹਨਾਂ ਨੂੰ 8500 ਤੋਂ 9500 ਰੁਪਏ ਪ੍ਰਤੀ ਮਹੀਨਾ ਤਨਖਾਹ ਸਿੱਧੇ ਉਹਨਾਂ ਦੇ ਬੈਂਕ ਖਾਤਿਆਂ ਰਾਹੀਂ ਦਿੱਤੀ ਜਾ ਰਹੀ ਹੈ। ਮਜਦੂਰਾਂ ਨੂੰ ਹਰ ਮਹੀਨੇ ਦੋ ਛੁੱਟੀਆਂ ਬਿਨ੍ਹਾਂ ਤਨਖਾਹ ਦੀ ਕਟੌਤੀ 'ਤੇ ਦੇਣ ਦਾ ਵੀ ਪ੍ਰਬੰਧ ਹੈ।
ਪਰਮਜੀਤ ਸਿੰਘ ਨੇ ਦੱਸਿਆ ਕਿ ਸਟਰਾਬੈਰੀ ਦਾ ਇੱਕ ਬੂਟਾ 3 ਰੁਪਏ ਦਾ ਹੈ ਅਤੇ ਇਕ ਏਕੜ ਵਿੱਚ 30 ਹਜ਼ਾਰ ਬੂਟੇ ਲੱਗ ਜਾਂਦੇ ਹਨ ਇਸ ਦੀ ਲਗਵਾਈ ਉੱਤੇ ਇੱਕ ਏਕੜ ਵਿੱਚ 1 ਲੱਖ 40 ਹਜ਼ਾਰ ਰੁਪਏ ਮਜਦੂਰੀ ਆਉਦੀ ਹੈ ਅਤੇ 6 ਮਹੀਨੇ ਵਿੱਚ ਲਗਭਗ 7 ਲੱਖ ਰੁਪਏ ਦੀ ਫਸਲ ਤਿਆਰ ਹੋ ਕੇ ਵੇਚੀ ਜਾ ਰਹੀ ਹੈ। ਇਹ ਬੂਟੇ ਇਕ ਏਜੰਸੀ ਰਾਹੀਂ ਕੈਲੀਫੋਰਨੀਆ ਤੋਂ ਮੰਗਵਾਏ ਗਏ ਹਨ। ਉਸਦਾ ਲਗਭਗ 2 ਕਿਲੋ ਦਾ ਇਕ ਬਕਸਾ ਚਾਲੂ ਸੀਜ਼ਨ ਦੋਰਾਨ 280 ਰੁਪਏ ਵਿੱਚ ਚੰਡੀਗੜ੍ਹ 26 ਸੈਕਟਰੀ ਮੰਡੀ ਵਿੱਚ ਜਾਂ ਜਲੰਧਰ ਮੰਡੀ ਵਿੱਚ ਅਸਾਨੀ ਨਾਲ ਵਿਕ ਜਾਦਾ ਹੈ। ਭਾਵੇਂ ਅੱਜ ਕੱਲ ਸੀਜ਼ਨ ਨਾ ਹੋਣ ਕਾਰਨ ਇਹ 2 ਕਿਲੋ ਦਾ ਬਕਸਾ ਲਗਭਗ 700 ਤੋਂ ਲੈ ਕੇ 1000 ਰੁਪਏ ਤੱਕ ਵਿਕ ਰਿਹਾ ਹੈ। ਉਸਨੇ ਦੱਸਿਆ ਕਿ ਡਰੈਗਨ ਫਰੂਟ ਲਈ ਅੰਗੂਰ ਦੀ ਤਰ੍ਹਾਂ ਇਕ ਏਕੜ ਵਿਚ 400 ਖੰਬੇ ਲਗਾਏ ਜਾਂਦੇ ਹਨ ਹਰ ਖੰਬੇ ਦੇ ਆਲੇ ਦੁਆਲੇ 4 ਬੂਟੇ ਲਗਾਏ ਹੋਏ ਹਨ ਜੋ ਕੇਰਲਾ ਤੋਂ ਮੰਗਵਾਏ ਹਨ। ਗਲਗਲ ਦੇ ਅਕਾਰ ਵਾਲਾ ਇਹ ਫਰੂਟ ਅੱਜ ਕੱਲ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਜਿਸਦਾ ਇਕ ਬੂਟਾ 60 ਰੁਪਏ ਤੋਂ 120 ਰੁਪਏ ਤੱਕ ਔਸਤ ਪੈਦਾ ਹੈ।
ਪਰਮਜੀਤ ਸਿੰਘ ਨੇ ਹੋਰ ਦੱਸਿਆ ਕਿ ਉਹ ਚੌਥਾ ਕਿਸਾਨ ਹੈ ਜਿਸਨੇ ਫਿਲਿਪੀਨਜ ਮਨੀਲਾ ਤੋਂ ਇਕ ਨਵੀ ਕਿਸਮ ਦੇ ਫੱਲ ਐਵੋ ਗਾਡੋ ਦੇ 200 ਬੂਟੇ ਮੰਗਵਾ ਕੇ ਡਰੈਗਨ ਫਰੂਟ ਦੇ ਨਾਲ ਹੀ ਖੇਤਾਂ ਵਿੱਚ ਲਗਾਏ ਹਨ। ਇਕ ਫਲ ਦੇ ਇੱਕ ਬੂਟੇ ਦੀ ਕੀਮਤ ਲੱਗਭਗ 1200 ਰੁਪਏ ਹੈ ਅਤੇ ਇਸਦਾ ਫੱਲ 900 ਰੁਪਏ ਤੋਂ 1200 ਰੁਪਏ ਕਿਲੋ ਵਿੱਕ ਜਾਂਦਾ ਹੈ। ਹੁਣ ਉਸਨੇ ਵਿਦੇਸ਼ੀ ਅਮਰੂਦ ਦੀਆਂ ਪੰਜ ਕਿਸਮਾ ਥਾਈਂ ਇੱਕ ਕੇ ਜੀ ਅਤੇ ਬਾਰਾ ਮਾਸੇ ਅੰਬ ਦੇ ਬੂਟੇ ਵੀ ਲਗਾਏ ਹਨ ।ਉਸਨੇ ਦੱਸਿਆ ਕਿ ਉਹ ਨਸ਼ੇ ਦੇ ਵਿਰੁੱਧ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਦਾ ਹੈ ਅਤੇ ਖੂਨਦਾਨ ਲਈ ਪ੍ਰੇਰਿਤ ਕਰਦਾ ਹੈ। ਉਹ ਖੁਦ ਵੀ 23 ਵਾਰ ਖੂਨਦਾਨ ਕਰ ਚੁੱਕਾ ਹੈ ਅਤੇ ਗਰੈਜੂਏਸ਼ਨ ਤੱਕ ਪੜਾਈ ਸ਼੍ਰੀ ਗੁਰੂ ਤੇਗ ਬਹਾਦਾਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਰ ਚੁੱਕਾ ਹੈ।