ਇਸਲਾਮਾਬਾਦ, 18 ਜੁਲਾਈ 2019 - ਪਾਕਿਸਤਾਨ ਦੀ ਟੈਲੀਕਮਿਊਨੀਕੇਸ਼ਨ ਅਥਾਰਟੀ ਨੇ ਬੁੱਧਵਾਰ ਨੂੰ ਕਰੀਬ 8 ਲੱਖ ਪੌਰਨ ਵੈੱਬਸਾਈਟਾਂ ਨੂੰ ਬਲਾਕ ਕਰ ਦਿੱਤਾ ਹੈ ਅਤੇ 11 ਹਜ਼ਾਰ ਦੇ ਕਰੀਬ ਪੌਰਨੋਗ੍ਰਾਫੀ ਕੰਟੈਂਟ ਰੱਖਣ ਵਾਲੀਆਂ ਇੰਟਰਨੈੱਟ ਪ੍ਰਾਕਸੀਆਂ ਨੂੰ ਵੀ ਬਲਾਕ ਕਰ ਦਿੱਤਾ।
ਦ ਐਕਸਪ੍ਰੈੱਸ ਟ੍ਰਿਬਿਊਨ, ਪਾਕਿਸਤਾਨ ਦੀ ਖ਼ਬਰ ਮੁਤਾਬਕ ਪੀ.ਟੀ.ਏ (ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ) ਹੁਣ ਤੱਕ ਚਾਈਲਡ ਪੌਰਨੋਗ੍ਰਾਫੀ ਨਾਲ ਸਬੰਧਤ ਕੁੱਲ 2384 ਵੈੱਬਸਾਈਟਾਂ ਨੂੰ ਬਲੌਕ ਕਰ ਚੁੱਕਾ ਹੈ। ਅਥਾਰਟੀ ਨੂੰ ਚਾਈਲਡ ਪੌਰਨੋਗ੍ਰਾਫੀ ਸਬੰਧੀ ਤਕਰੀਬਨ 30 ਦੇ ਆਸਪਾਸ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਅਥਾਰਟੀ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਵੀ.ਪੀ.ਐਨ ਰਾਹੀਂ ਪੌਰਨੋਗ੍ਰਾਫੀ ਜਿਉਂ ਦੀ ਤਿਉਂ ਹੀ ਦੇਖੀ ਜਾ ਰਹੀ ਹੈ। ਪਰ ਹੁਣ ਤੱਕ ਪੀਟੀਏ ਇਸ ਨਾਲ ਸਬੰਧਤ ਕੁੱਲ 11 ਹਜ਼ਾਰ ਪ੍ਰਾਕਸੀਆਂ ਨੂੰ ਵੀ ਬਲੌਕ ਕਰ ਚੁੱਕੀ ਹੈ। ਪੀਟੀਏ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਕਿਸੇ ਵੀ ਤਰ੍ਹਾਂ ਦੀ ਪੌਰਨ ਸਮੱਗਰੀ ਵੈੱਬਸਾਈਟਾਂ 'ਤੇ ਅਪਲੋਡ ਹੋਣ ਬਾਰੇ ਕੋਈ ਸਬੂਤ ਨਹੀਂ ਹੈ।