ਨਵੀਂ ਦਿੱਲੀ, 22 ਮਾਰਚ 2019 - ਆਕਸਫ਼ੋਰਡ ਡਿਕਸ਼ਨਰੀ 'ਚ ਇੱਕ ਨਵਾਂ ਸ਼ਬਦ ਸ਼ਾਮਲ ਕੀਤਾ ਗਿਆ ਹੈ। ਜੋ ਹੈ ‘ਚੱਡੀਜ਼’ (CHUDDIES) ਭਾਵ ਕਛਹਿਰਾ ਜਾਂ ‘ਅੰਡਰ–ਪੈਂਟਸ’। ਹੁਣ ਤੱਕ ਇਸੇ ਆਕਸਫ਼ੋਰਡ ਡਿਕਸ਼ਨਰੀ ਵਿੱਚ 2,000 ਦੇ ਲਗਭਗ ਭਾਰਤੀ ਸ਼ਬਦ ਸ਼ਾਮਲ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਉਹ ਸਾਰੇ ਸ਼ਬਦ ਹਨ, ਜੋ ਬ੍ਰਿਟਿਸ਼ ਰਾਜ ਵੇਲੇ ਵਰਤੇ ਜਾਂਦੇ ਸਨ। ਉਨ੍ਹਾਂ ਵਿੱਚੋਂ ਕੁਝ ਸ਼ਬਦ ਹਨ: ਲੂਟ, ਬੰਗਲੋ, ਅਵਤਾਰ, ਮੰਤਰਾ, ਚਟਣੀ, ਕੌਟ, ਡੈਕੋਇਟ, ਡੁੰਗਰੀ, ਗੁਰੂ, ਪੰਡਿਤ, ਖ਼ਾਕੀ, ਜੰਗਲ, ਨਿਰਵਾਣ, ਪੱਕਾ, ਪਜਾਮਾ, ਵਰਾਂਡਾ, ਮਹਾਰਾਜਾ ਆਦਿ।
‘ਚੱਡੀਜ਼’ ਸ਼ਬਦ ਬਰਤਾਨਵੀ ਹਕੂਮਤ ਦੌਰਾਨ ਵੀ ਬਹੁਤ ਵਾਰ ਅਨੇਕ ਗਜ਼ਟਾਂ ਤੇ ਪ੍ਰਕਾਸ਼ਨਾਵਾਂ ਵਿੱਚ ਆ ਚੁੱਕਾ ਹੈ ਪਰ ਇਸ ਭਾਰਤੀ ਸ਼ਬਦ ਨੇ ਉਦੋਂ ਕੌਮਾਂਤਰੀ ਪੱਧਰ ਉੱਤੇ ਸਭ ਦਾ ਧਿਆਨ ਖਿੱਚਿਆ ਸੀ, ਜਦੋਂ 1990 ਵਿਆਂ ਦੌਰਾਨ ਇਸ ਦੀ ਵਰਤੋਂ ਬੀਬੀਸੀ ਟੈਲੀਵਿਜ਼ਨ ਤੋਂ ਪ੍ਰਸਾਰਿਤ ਹੋਣ ਵਾਲੇ ਬਰਤਾਨਵੀ–ਏਸ਼ੀਆਈ ਕਾਮੇਡੀ ਲੜੀਵਾਰ ‘ਗੁੱਡਨੇਸ ਗ੍ਰੇਸ਼ੀਅਸ ਮੀ’ ਵਿੱਚ ਕੀਤੀ ਗਈ ਸੀ। ਅਦਾਕਾਰ ਸੰਜੀਵ ਭਾਸਕਰ ਨੇ ਇਸ ਦੀ ਵਰਤੋਂ ਕੀਤੀ ਸੀ। ਉਸ ਤੋਂ ਬਾਅਦ ਇਹ ਸ਼ਬਦ ਆਮ ਬੋਲਚਾਲ ਦੀ ਭਾਸ਼ਾ ਵਿੱਚ ਵੀ ਵਰਤਿਆ ਜਾਣ ਲੱਗ ਪਿਆ ਸੀ।