ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਗੇਟ ਟੱਪ ਕੇ ਅੰਦਰ ਦਾਖਲ ਹੁੰਦੇ ਅਕਾਲੀ ਆਗੂ ਅਤੇ ਡੀ.ਸੀ ਦਫ਼ਤਰ ਦੇ ਬੰਦ ਗੇਟ ਅੱਗੇ ਰੋਸ ਪ੍ਰਦਰਸ਼ਨ ਕਰਦੇ ਅਕਾਲੀ ਆਗੂ ਤੇ ਵਰਕਰ।
ਫ਼ਿਰੋਜ਼ਪੁਰ 6 ਸਤੰਬਰ (ਗੁਰਿੰਦਰ ਸਿੰਘ) 19 ਸਤੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਨਾਮਜ਼ਦਗੀ ਕਾਗਜ਼ ਦਾਖਲ ਕਰਾਉਣ ਦੇ ਅੱਜ ਤੀਜੇ ਦਿਨ ਸਤਾਧਾਰੀਆਂ ਦੀ ਕਥਿਤ ਧੱਕੇਸ਼ਾਹੀ ਦੇ ਚੱਲਦਿਆਂ ਅਕਾਲੀ ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਨਹੀਂ ਭਰ ਦਿੱਤੇ ਗਏ। ਫ਼ਿਰੋਜ਼ਪੁਰ ਵਿਚ ਲਗਾਤਾਰ ਚੋਣਾਂ ਤੋਂ ਅਕਾਲੀ-ਭਾਜਪਾਈਆਂ ਅਤੇ ਹੋਰਨਾਂ ਨੂੰ ਚੋਣ ਮੈਦਾਨ ਵਿਚ ਆਉਣ ਤੋਂ ਰੋਕ ਕੇ ਜਿਥੇ ਕਾਂਗਰਸੀਆਂ ਵੱਲੋਂ ਲੋਕਤੰਤਰ ਦਾ ਸ਼ਰੇਆਮ ਘਾਣ ਕੀਤਾ ਜਾ ਰਿਹਾ, ਉਥੇ ਇਸ ਕਾਂਡ ਵਿਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੀ ਆਪਣੀ ਬਣਦੀ ਜਿੰਮੇਵਾਰੀ ਤੋਂ ਮੁਨਕਰ ਹੁੰਦਾ ਪ੍ਰਤੀਤ ਹੋ ਰਿਹਾ ਹੈ।
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਓਸ ਵੇਲੇ ਮਾਹੌਲ ਤਨਾਅ ਭਰਿਆ ਹੋ ਗਿਆ ਜਦੋਂ ਜ਼ਿਲ੍ਹਾ ਪ੍ਰੀਸ਼ਦ ਲਈ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆ ਰਹੇ ਹਲਕਾ ਗੁਰੂਹਰਸਹਾਏ ਦੇ ਇੰਚਾਰਜ਼ ਵਰਦੇਵ ਸਿੰਘ ਨੋਨੀ ਮਾਨ ਅਤੇ ਸਾਥੀਆਂ ਦੇ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਪਹਿਲਾਂ ਧਾੜਵੀਆਂ ਵਾਂਗੂ ਅੰਦਰ ਵੜੇ ਕੈਬਨਿਟ ਮੰਤਰੀ ਰਾਣਾ ਸੋਢੀ ਦੇ ਅਤਿ ਨਜ਼ਦੀਕੀਆਂ ਵਿੱਚ ਗਿਣੇ ਜਾਂਦੇ ਦਵਿੰਦਰ ਸਿੰਘ ਜੰਗ ਦੀ ਅਗਵਾਈ ਵਿੱਚ ਨੌਜਵਾਨਾਂ ਦੇ ਟੋਲੇ ਨੇ ਡੀ.ਸੀ ਦਾ ਦਫ਼ਤਰ ਦਾ ਮੁੱਖ ਗੇਟ 'ਤੇ ਤਾਇਨਾਤ ਪੁਲਿਸ ਕਰਮੀਆਂ ਨੂੰ ਹਟਾਕੇ ਗੇਟ ਬੰਦ ਕਰ ਦਿੱਤਾ। ਜਦੋਂ ਅਕਾਲੀ ਗੇਟ ਦੇ ਉੱਪਰੋਂ ਟੱਪ ਕੇ ਕੰਪਲੈਕਸ ਅੰਦਰ ਦਾਖਲ ਹੋਏ ਤਾਂ ਕਾਂਗਰਸੀਆਂ ਨੇ ਅੰਦਰ ਦੇ ਸਾਰੇ ਗੇਟ ਬੰਦ ਕਰਕੇ ਕੰਪਲੈਕਸ 'ਤੇ ਕਬਜ਼ਾ ਕਰ ਲਿਆ ਜੋ ਨਾਮਜ਼ਦਗੀਆਂ ਦਾ ਸਮਾਂ ਲੰਘਣ ਤੱਕ ਨਿਰੰਤਰ ਜਾਰੀ ਰਿਹਾ। ਜਿਸ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਕਾਲੀਆਂ ਵੱਲੋਂ ਡੀ.ਸੀ ਦਫ਼ਤਰ ਦੇ ਮੁੱਖ ਗੇਟ 'ਤੇ ਧਰਨਾ ਮਾਰ ਦਿੱਤਾ ਅਤੇ ਕਾਂਗਰਸੀਆਂ ਦੀ ਗੁੰਡਾਗਰਦੀ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।
ਇਸ ਮੌਕੇ ਕਾਂਗਰਸੀਆਂ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਅਕਾਲੀ ਆਗੂਆਂ ਨੇ ਕਿਹਾ ਕਿ ਉਹ ਡਰਨ ਵਾਲੇ ਨਹੀਂ ਅਤੇ ਹਰ ਸਮੱਸਿਆ ਦਾ ਡਟ ਕੇ ਵਿਰੋਧ ਕਰਾਂਗੇ। ਅਕਾਲੀ ਆਗੂਆਂ ਦੋਸ਼ ਲਾਇਆ ਕਿ ਜਿਥੇ ਐਨ.ਓ.ਸੀ ਆਦਿ ਤੋਂ ਵਾਂਝੇ ਕਰਕੇ ਉਮੀਦਵਾਰਾਂ ਨੂੰ ਚੋਣ ਲੜਣ ਤੋਂ ਲਾਂਭੇ ਕੀਤਾ ਜਾ ਰਿਹੈ, ਉਥੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਪੂਰੀ ਤਰ੍ਹਾਂ ਕਾਂਗਰਸ ਦੇ ਹੱਥਾਂ ਵਿਚ ਖੇਡਦਿਆਂ ਅਕਾਲੀ ਉਮੀਦਵਾਰਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਨੇ ਕਿਹਾ ਕਿ ਕਾਂਗਰਸੀਆਂ ਦੇ ਦਬਾਅ ਕਾਰਨ ਅਕਾਲੀ ਉਮੀਦਵਾਰਾਂ ਨੂੰ ਐਨ.ਓ.ਸੀ ਨਾ ਦਿੱਤੇ ਜਾਣ ਕਰਕੇ ਉਨ੍ਹਾਂ ਵੱਲੋਂ ਹਲਫੀਆ ਬਿਆਨ ਲਗਵਾ ਕੇ ਕੁਝ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ ਹਨ।
7 ਸਤੰਬਰ ਨਾਮਜ਼ਦਗੀਆਂ ਦਾ ਆਖਰੀ ਦਿਨ ਹੋਣ ਕਰਕੇ ਫ਼ਿਰੋਜ਼ਪੁਰ ਖਾਸ ਕਰ ਹਲਕਾ ਗੁਰੂਹਰਸਹਾਏ ਦੇ ਉਮੀਦਵਾਰਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ ਜਿੱਥੋਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਮਰਥੱਕਾਂ ਵੱਲੋਂ ਅਕਾਲੀ ਉਮੀਦਵਾਰਾਂ ਨੂੰ ਕਾਗਜ਼ ਭਰਨ ਤੋਂ ਰੋਕਣ ਲਈ ਵਿਊਂਤਬੰਦੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ਼ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਵੀ ਆਪਣੇ ਉਮੀਦਵਾਰਾਂ ਦੇ ਹਰ ਹੀਲੇ ਕਾਗਜ਼ ਦਾਖਲ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ।