ਫ਼ਿਰੋਜ਼ਪੁਰ 21 ਜੁਲਾਈ (ਗੁਰਿੰਦਰ ਸਿੰਘ) ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿਚ ਨਸ਼ਿਆਂ ਨਾਲ ਨਿੱਤ ਦਿਹਾੜੇ ਹੋ ਰਹੀਆਂ ਮੌਤਾਂ ਕਾਰਨ ਪਾਣੀ ਸਿਰੋਂ ਲੰਘਦਾ ਵੇਖ ਫਿਰੋਜ਼ਪੁਰ ਪ੍ਰਸਾਸ਼ਨ ਨੂੰ ਫਿਰ ਡੈਪੋ ਮੁਹਿੰਮ ਦੀ ਯਾਦ ਆ ਗਈ ਹੈ। ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡੈਪੋ ਮੁਹਿੰਮ ਤਹਿਤ ਅਧਿਕਾਰੀਆਂ ਨਾਲ ਬੈਠਕ ਕਰਕੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਇੱਕ ਯੋਜਨਾਬੱਧ ਤਰੀਕੇ ਨਾਲ ਲਿਸਟ ਤਿਆਰ ਕਰਕੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਦੇ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਗਾਏ ਜਾਣ ਬਾਰੇ ਕਿਹਾ ਹੈ।ਅੱਜ ਦੀ ਇਸ ਬੈਠਕ ਵਿਚ ਉਨ੍ਹਾਂ ਦੇ ਨਾਲ ਐੱਸ.ਐੱਸ.ਪੀ. ਪ੍ਰੀਤਮ ਸਿੰਘ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ 23 ਮਾਰਚ ਨੂੰ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਡੈਪੋ ਮੁਹਿੰਮ ਠੰਡੇ ਬਸਤੇ ਵਿੱਚ ਪਈ ਹੋਈ ਸੀ ਅਤੇ ਇਸ ਮੁਹਿੰਮ ਤਹਿਤ ਫੜ ਫੜ ਭਰਤੀ ਕੀਤੇ ਹਜ਼ਾਰਾਂ ਵਲੰਟੀਅਰ ਹੋਣ ਦੇ ਬਾਵਜੂਦ ਖੂਬ ਫਲ ਫੁਲ ਰਹੇ ਨਸ਼ਿਆਂ ਦੇ ਕਾਰੋਬਾਰ ਕਾਰਨ ਇਲਾਕੇ ਵਿੱਚ ਦਰਜਨ ਦੇ ਕਰੀਬ ਨੌਜਵਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਡੈਪੋ ਮੁਹਿੰਮ ਤਹਿਤ ਪਿੰਡਾਂ ਵਿਚ ਬਣਾਏ ਗਏ ਕਲੱਸਟਰਾਂ ਰਾਹੀਂ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਗਾਏ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲਸਟਰਾਂ ਦੇ ਇੰਚਾਰਜ ਉਹੀ ਨੌਜਵਾਨ ਲਗਾਏ ਜਾਣ ਜੋ ਨਿੱਜੀ ਦਿਲਚਸਪੀ ਲੈ ਕੇ ਇਸ ਮੁਹਿੰਮ ਦੀ ਸਫਲਤਾ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਸਰਕਾਰੀ ਤੌਰ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਤਾਂ ਹੀ ਡੈਪੋ ਵਲੰਟੀਅਰ ਬਣਾਇਆ ਜਾਵੇ ਜੇ ਉਹ ਉਸੇ ਪਿੰਡ ਦਾ ਨਿਵਾਸੀ ਹੋਵੇ ਤਾਂ ਜੋ ਕਿਸੇ ਵੀ ਸਮੇਂ ਜ਼ਰੂਰਤ ਪੈਣ 'ਤੇ ਉਸ ਦੀਆਂ ਸੇਵਾਵਾਂ ਲਈਆਂ ਜਾ ਸਕਣ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਗਾਏ ਜਾਣ ਅਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਨਸ਼ਿਆਂ ਦੇ ਚੁੰਗਲ ਵਿੱਚ ਫਸੇ ਨੌਜਵਾਨਾਂ ਦੀ ਕੌਂਸਲਿੰਗ ਕਰਕੇ ਉਨ੍ਹਾਂ ਨੂੰ ਨਸ਼ੇ ਦੇ ਚੁੰਗਲ ਵਿੱਚੋਂ ਕੱਢਣ ਲਈ ਨਿੱਜੀ ਦਿਲਚਸਪੀ ਲੈ ਕੇ ਕੰਮ ਕਰਨ। ਇਸ ਦੌਰਾਨ ਉਨ੍ਹਾਂ ਨੇ ਤੰਦਰੁਸਤ ਪੰਜਾਬ, ਘਰ-ਘਰ ਰੁਜ਼ਗਾਰ, ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ, ਪੈਡੀ ਸਟਰੋਅ ਮੈਨੇਜਮੈਂਟ, ਕਿਸਾਨ ਕਰਜ਼ਾ ਮੁਆਫ਼ ਯੋਜਨਾ, ਵਧੀਆ ਪ੍ਰਸ਼ਾਸਨਿਕ ਸੇਵਾਵਾਂ, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ ਸਬੰਧੀ ਵੀ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਐੱਸ.ਐੱਸ.ਪੀ ਪ੍ਰੀਤਮ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਾ ਵੇਚਣ ਵਾਲੇ ਤਸਕਰਾਂ ਦੀ ਧਰ ਪਕੜ ਜਾਰੀ ਹੈ ਅਤੇ ਨਸ਼ਾ ਵੇਚਣ ਵਾਲੇ ਕਿਸੇ ਵੀ ਕੀਮਤ 'ਤੇ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਨੇ ਡੈਪੋ ਮੁਹਿੰਮ ਸਬੰਧੀ ਹਦਾਇਤ ਕਰਦਿਆਂ ਕਿਹਾ ਕਿ ਵਲੰਟੀਅਰਜ਼ ਵੱਲੋਂ ਪਿੰਡਾਂ ਵਿੱਚ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਨਸ਼ਾ ਛੱਡਣ ਦੇ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਪਿੰਡ ਵਿੱਚ ਨਸ਼ਾ ਵੇਚਦਾ ਹੈ ਤਾਂ ਇਸ ਸਬੰਧੀ ਗੁਪਤ ਸੂਚਨਾ ਸਬੰਧਿਤ ਥਾਣੇ ਨੂੰ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਬਾਹਰਲੇ ਇਲਾਕੇ ਤੋਂ ਪਿੰਡਾਂ ਵਿੱਚ ਨਸ਼ਾ ਵੇਚਣ ਆਉਂਦੇ ਤਸਕਰਾਂ ਦੀ ਧਰ ਪਕੜ ਲਈ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਵੇ ਅਤੇ ਪੁਲਿਸ ਤੱਕ ਇਸ ਦੀ ਸੂਚਨਾ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਨੌਵੀਂ ਜਮਾਤ ਤੋਂ ਉੱਪਰਲੀਆਂ ਕਲਾਸਾਂ ਵਿੱਚ ਪੜ੍ਹਨ ਵਾਲੇ ਨੌਜਵਾਨਾਂ ਦੇ ਵੀ ਵਿਸ਼ੇਸ਼ ਸਦਨ ਬਣਾ ਕੇ ਇੰਚਾਰਜ ਬਣਾਏ ਜਾਣ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਡੀ) ਰਵਿੰਦਰਪਾਲ ਸਿੰਘ ਸੰਧੂ, ਐੱਸ.ਡੀ.ਐਮ. ਫ਼ਿਰੋਜ਼ਪੁਰ ਨਰਿੰਦਰ ਸਿੰਘ, ਐੱਸ.ਡੀ.ਐਮ. ਜ਼ੀਰਾ ਅਮਿਤ ਗੁਪਤਾ, ਐਸ.ਡੀ.ਐਮ. ਗੁਰੂਹਰਸਹਾਏ ਚਰਨਦੀਪ ਸਿੰਘ, ਸਹਾਇਕ ਕਮਿਸ਼ਨਰ (ਜ) ਰਣਜੀਤ ਸਿੰਘ, ਸਹਾਇਕ ਕਮਿਸ਼ਨਰ (ਸ਼) ਕੇਸ਼ਵ ਗੋਇਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।