ਚੰਡੀਗੜ੍ਹ, 8 ਜੁਲਾਈ (ਬਾਬੂਸ਼ਾਹੀ ਬਿਊਰੋ) - ਇਕ ਆਮ ਆਦਮੀ ਹਮੇਸ਼ਾ ਇਹ ਹੀ ਸੋਚਦਾ ਹੈ ਕਿ ਉਹ ਆਪਣੇ ਕਮਾਏ ਪੈਸਿਆਂ ਨਾਲ ਖੁਦ ਦੀ ਕਾਰ ਕਦੋਂ ਖਰੀਦੇਗਾ ਅਤੇ ਕਦੋਂ ਠੰਢੀ ਹਵਾ ਵਾਲਾ ਪੱਖਾ ਛੱਡ, ਉੱਚੀ ਡੈੱਕ ਲਗਾ ਕੇ ਕਾਰ ਦੇ ਐਕਸੀਲੇਟਰ 'ਤੇ ਪੈਰ ਧਰ ਕੇ ਸਰਕਾਰ ਵੱਲੋਂ ਬਣਾਈ ਮਖਮਲ ਵਰਗੀਆਂ ਸੜਕਾਂ ਦੇ ਸੀਨਿਆਂ ਨੂੰ ਚੀਰਦਾ ਜਾਵੇਗਾ। ਇਨਸਾਨ ਇਨ੍ਹਾਂ ਪਦਾਰਥਾਂ 'ਚ ਇੰਨਾ ਖੁਭ ਜਾਂਦਾ ਹੈ ਕਿ ਇਸ ਠੰਡੇ ਪੱਖੇ ਵਾਲੇ ਵਾਹਨ ਤੇ ਅਰਾਮ ਦੀ ਸਵਾਰੀ ਵਿਚ ਬੈਠਾ, ਸੜਕਾਂ 'ਤੇ ਬਣੇ ਖੋਖਿਆਂ 'ਤੇ ਖਾਲੀ ਹੁੰਦੀਆਂ ਜੇਬ੍ਹਾ ਨੂੰ ਅੱਖੋਂ ਪਰੋਖੇ ਕਰ ਦਿੰਦਾ ਹੈ। ਇਹੋ ਜਿਹਾ ਹੀ ਇਕ ਤਰਕ ਐਡਵੋਕੇਟ ਕੁਲਬੀਰ ਸੇਖੋਂ ਕੋਲੋਂ ਅੱਗੋਂ ਪਿੱਛੋਂ ਹੁੰਦਾ ਹੋਇਆ ਸਾਡੇ ਕੋਲ ਪਹੁੰਚਾਇਆ।
ਕੀ ਹੈ ਇਹ ਤਰਕ :-
ਜੇ ਤੁਸੀਂ ਮਾਰੂਤੀ ਅਲਟੋ ਕਾਰ ਖਰੀਦਦੇ ਹੋ ਤਾਂ ਉਸ ਦੀ ਕੀਮਤ 3,25,000 /- ( ਸਵਾ ਤਿੰਨ ਲੱਖ ) ਰੁਪਏ ਟਾਪ ਮਾਡਲ ਹੁੰਦੀ ਹੈ।
ਜੇ ਰੋਜ਼ਾਨਾ ਆਪਣੇ ਸੁੱਖ ਸਹੂਲਤ ਨੂੰ ਦੇਖਦਿਆਂ ਤੁਸੀਂ ਜਲੰਧਰ ਤੋਂ ਲੁਧਿਆਣਾ ਜਾਂਦੇ ਹੋ ਤਾਂ ਘੱਟੋ-ਘੱਟ 180 /- ( ਇੱਕ ਸੌ ਅੱਸੀ ) ਰੁਪਏ ਟੋਲ ਟੈਕਸ ਆਉਣ ਜਾਣ ਦਾ ਪੈਂਦਾ ਹੈ। ਵੈਸੇ ਇਹ ਰੇਟ ਘਟਣ ਦੀ ਬਜਾਏ ਉਲਟਾ ਵਧਦੇ ਹੀ ਰਹਿੰਦੇ ਹਨ। ਜਿਸਦਾ ਸਿੱਧਾ-ਸਿੱਧਾ ਮਤਲਬ ਹੈ ਕਿ ਇੱਕ ਸਾਲ ਲਈ ਅੰਦਾਜਨ 180 x 365 = 65,700 /- ਰੁਪਏ ਤੁਸੀਂ ਟੋਲ ਟੈਕਸ 'ਤੇ ਖਰਚ ਕਰਦੇ ਹੋ। ਜੇਕਰ ਪਾਸ ਵੀ ਬਣਾਉਂਦੇ ਹੋ ਤਾਂ ਉਸ ਵਿਚ ਮਾਸਾਂ ਪੰਜ ਸੌ ਜਾਂ ਹਜ਼ਾਰ ਰੁਪਏ ਦਾ ਫਰਕ ਹੀ ਪੈਂਦਾ ਹੈ। ਕਿਉਂਕਿ ਪਾਸ 'ਚ ਵੀ ਘੱਟੋ-ਘੱਟ 20 ਤੋਂ 22 ਦਿਨਾਂ ਦੇ ਪੈਸੇ ਵਸੂਲ ਕਰ ਲਏ ਜਾਂਦੇ ਹਨ।
ਹੁਣ ਜਿਵੇਂ ਕਿ ਇਕ ਕਾਰ ਦੀ R/c ( ਆਰ ਸੀ ) ਪੰਦਰਾਂ ਸਾਲ ਤੱਕ valid ( ਵੈਲਡ ) ਹੁੰਦੀ ਹੈ। ਮਤਲਬ ਸਾਲਾਨਾ ਟੋਲ ਟੈਕਸ 65,700 /- ਅਤੇ ਪੰਦਰਾਂ ਸਾਲ ਦਾ ਟੋਲ ਟੈਕਸ 65700 × 15 = 9,85,500 /- ਰੁਪਏ।
ਮਤਲਬ ਤੁਸੀਂ 3,25,000 /- (ਸਵਾ ਤਿੰਨ ਲੱਖ ) ਦੀ ਕਾਰ ਖਰੀਦ ਕੇ ਉਸ ਤੋਂ ਤਿੱਗਣੀ ਕੀਮਤ 9,85,500 /- ( ਨੌਂ ਲੱਖ ਪਚਾਸੀ ਹਜ਼ਾਰ ਪੰਜ ਸੌ ) ਰੁਪਏ ਸਿਰਫ ਰੋਡ ਟੋਲ ਟੈਕਸ ਦੇ ਦਿੰਦੇ ਹੋ ਤੇ ਉਹ ਵੀ ਸਿਰਫ ਰੋਜ਼ਾਨਾ 60 Km ਰੋਡ ਵਰਤਣ ਦੇ। ਇਸ ਤੋਂ ਵੱਡੀ ਦੁਨੀਆਂ ਤੇ ਕੋਈ ਲੁੱਟ ਨਹੀਂ ਹੋ ਸਕਦੀ।
ਇਸ ਤਰਕ ਨੇ ਤਾਂ ਬੜਾ ਵਧੀਆ ਤਰੀਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਸਦਾ ਮਤਲਬ ਇਹ ਨਹੀਂ ਕਿ ਕਾਰਾਂ ਚਲਾਉਣੀਆਂ ਹੀ ਬੰਦ ਕਰ ਦੇਵੋ। ਪਰ ਹਾਂ, ਕਾਰਾਂ ਦੇ ਨਾਲ-ਨਾਲ ਜੇਕਰ ਸਰਕਾਰਾਂ ਚਲਾਉਣੀਆਂ ਵੀ ਸਿੱਖ ਲਵੋਂ ਤਾਂ ਸਰਕਾਰ ਨੂੰ ਟੈਕਸ ਦੇ ਰੂਪ ਵਿਚ ਦਿੱਤਾ ਜਾ ਰਿਹਾ ਪੈਸਾ ਬਾਹਰਲੇ ਮੁਲਕਾਂ ਵਾਂਗਰਾਂ ਤੁਹਾਡੇ ਬੁਢਾਪੇ ਵਿਚ ਕਿਸੇ ਕੰਮ ਆ ਸਕਦਾ ਹੈ।