ਜਿਸਮ ਫ਼ਰੋਸ਼ੀ ਵੀ ਹੈ 'ਹੁਨਰਮੰਦ ਸ਼੍ਰੇਣੀ ਰੁਜ਼ਗਾਰ' ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਨੀਤੀ 'ਚ
ਹਰਜਿੰਦਰ ਸਿੰਘ ਬਸਿਆਲਾ
ਆਕਲੈਂਡ-25 ਅਪ੍ਰੈਲ -ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਇੱਥੇ ਵੱਸਣ ਵਾਲੇ ਪ੍ਰਵਾਸੀ ਲੋਕਾਂ ਦੇ ਲਈ ਜਿਹੜੇ ਮਾਪਦੰਡ ਰੱਖੇ ਹਨ ਉਨ੍ਹਾਂ ਦੇ ਵਿਚ ਵੱਖ-ਵੱਖ ਹੁਨਰਮੰਦ ਰੋਜ਼ਗਾਰ ਅਤੇ ਘੱਟ ਗਿਣਤੀ ਵਿਚ ਪਾਏ ਜਾਣ ਵਾਲੇ ਮਾਹਿਰ ਵਿਅਕਤੀ ਸ਼ਾਮਿਲ ਹਨ। ਹੁਨਰਮੰਦ ਸ਼੍ਰੇਣੀ ਦੇ ਵਿਚ ਟਰੇਡ ਨਾਲ ਸਬੰਧਿਤ ਜਿੱਥੇ ਵੱਖ-ਵੱਖ ਕਿਤੇ ਆਉਂਦੇ ਹਨ ਉੱਥੇ ਜਿਸਮ ਫ਼ਰੋਸ਼ੀ ਵੀ ਇਕ ਹੁਨਰਮੰਦ ਰੁਜ਼ਗਾਰ ਸ਼੍ਰੇਣੀ ਦੇ ਅਧੀਨ ਆਉਂਦਾ ਹੈ। ਇਮੀਗ੍ਰੇਸ਼ਨ ਵੈੱਬਸਾਈਟ ਨੇ ਇਸ ਕਿੱਤੇ ਨੂੰ 'ਆਸਟਰੇਲੀਅਨ ਐਂਡ ਨਿਊਜ਼ੀਲੈਂਡ ਸਟੈਂਡਰਡ ਕਲਾਸੀਫਿਕੇਸ਼ਨ ਆਫ਼ ਅਕੂਪੇਸ਼ਨਜ਼' ਅਨੁਸਾਰ ਲੈਵਲ-5 ਦੇ ਵਿਚ ਰੱਖਿਆ ਹੈ ਅਤੇ ਇਸ ਨੂੰ 'ਸੈਕਸ ਵਰਕਰ ਜਾਂ ਐਸਕਾਰਟ' ਦਾ ਸਿਰਲੇਖ ਦਿੱਤਾ ਗਿਆ ਹੈ। ਇਨ੍ਹਾਂ ਮਾਪਦੰਡਾਂ ਅਨੁਸਾਰ ਇਕ ਸੈਕਸ ਵਰਕਰ ਉਹ ਹੈ ਜਿਹੜਾ ਕਿ ਆਪਣੇ ਗਾਹਕਾਂ ਨੂੰ ਜਿਸਮਾਨੀ ਸੇਵਾ ਅਤੇ ਸਮਾਜਿਕ ਸਹਿਚਾਰਤਾ (ਮਿੱਤਰ ਮੰਡਲ) ਮੁਹੱਈਆ ਕਰਵਾਉਂਦਾ ਹੈ।
ਇਸ ਕੰਮ ਨੂੰ ਵੱਖ-ਵੱਖ ਸਭਿਆਚਾਰਾਂ ਨਾਲ ਸਬੰਧਿਤ ਕੌਮਾਂ ਦੇ ਦ੍ਰਿਸ਼ਟੀਕੋਣ ਤੋਂ ਵੱਖੋ-ਵੱਖਰੇ ਨਜ਼ਰੀਏ ਨਾਲ ਵੇਖਿਆ ਜਾ ਸਕਦਾ ਹੈ ਪਰ ਇਮੀਗ੍ਰੇਸ਼ਨ ਦੀਆਂ ਐਨਕਾਂ ਦੇ ਵਿਚ ਇਸ ਨੂੰ ਸਾਫ਼ 'ਤੇ ਸਪਸ਼ਟ ਕਿੱਤੇ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ। ਜੇਕਰ ਇਸ ਕਿੱਤੇ ਦੇ ਵਿਚ ਕੋਈ 36.44 ਡਾਲਰ ਪ੍ਰਤੀ ਘੰਟਾ ਲੈਂਦਾ ਹੈ ਤਾਂ ਉਸ ਨੂੰ 40 ਘੰਟਿਆਂ ਦੇ ਹਿਸਾਬ ਨਾਲ 75,795 ਡਾਲਰ ਸਲਾਨਾ ਕਮਾਈ ਦਰਸਾਅ ਸਕਦਾ ਹੈ। ਇਸ ਕਿੱਤੇ ਦੇ ਵਿਚ ਤਜ਼ਰਬਾ ਵੀ ਇਮੀਗ੍ਰੇਸ਼ਨ ਲਈ ਮਾਅਨੇ ਰੱਖਦਾ ਹੈ। ਇਸ ਨੀਤੀ ਅਧੀਨ ਅਪਲਾਈ ਕਰਨ ਵਾਸਤੇ ਨਿਊਜ਼ੀਲੈਂਡ ਦੇ ਵਿਚ ਕਾਨੂੰਨੀ ਤੌਰ 'ਤੇ ਯੋਗ ਹੋਣਾ ਜ਼ਰੂਰੀ ਹੈ ਅਤੇ ਕਿਸੇ ਏਜੰਸੀ ਦਾ ਜਾਬ ਆਫ਼ਰ ਲੈਣਾ ਵੀ ਜ਼ਰੂਰੀ ਹੈ।
ਵੈਸੇ ਸੈਕਸ ਵਰਕਰ ਵਾਲੀ ਸ਼੍ਰੇਣੀ ਕੋਈ ਅਤਿ ਜ਼ਰੂਰੀ ਸ਼੍ਰੇਣੀ ਨਹੀਂ ਹੈ ਅਤੇ ਸਰਕਾਰੀ ਰਿਕਾਰਡ ਮੁਤਾਬਿਕ ਅਜੇ ਤੱਕ ਨਿਊਜ਼ੀਲੈਂਡ ਤੋਂ ਬਾਹਰੋਂ ਕਿਸੇ ਸੈਕਸ ਵਰਕਰ ਨੇ ਇਸ ਸ਼੍ਰੇਣੀ ਵਿਚ ਵੀਜ਼ਾ ਹਾਸਲ ਨਹੀਂ ਕੀਤਾ .
ਮੁਲਕ ਵਿਚ ਜਿਸਮ-ਫ਼ਰੋਸ਼ੀ ਦੇ ਧੰਦੇ ਨੂੰ ਕਾਨੂੰਨੀ ਮਾਨਤਾ ਹੈ . 2003 ਦੇ ਦੇਹ-ਵਪਾਰ ਸੁਧਾਰ ਐਕਟ ਅਨੁਸਾਰ ਮੁਲਕ ਦੇ ਨਾਗਰਿਕ ਜਾਂ ਰੈਜ਼ੀਡੈਂਟ ਕਾਨੂੰਨੀ ਤੌਰ ਤੇ ਜ਼ਿਸਮ-ਫਿਰੋਸ਼ੀ ਦਾ ਧੰਦਾ ਕਰ ਸਕਦੇ ਹਨ. ਆਰਜ਼ੀ ਤੌਰ ਤੇ ਨਿਊਜ਼ੀਲੈਂਡ 'ਚ ਜਾਣ ਜਾਂ ਰਹਿਣ ਵਾਲੇ ਅਜਿਹਾ ਨਹੀਂ ਕਰ ਸਕਦੇ .