ਨਵੀਂ ਦਿੱਲੀ, 7 ਸਤੰਬਰ, 2017 : ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਨੇ ਆਪਣੀ ਲੀਫ ਇਲੈਕਟ੍ਰਿਕ ਕਾਰ ਦਾ ਨਵਾਂ ਉੱਨਤ ਵਰਜ਼ਨ ਲਾਂਚ ਕੀਤਾ ਹੈ। ਇਸਦੀ ਸ਼ੁਰੂਆਤੀ ਕੀਮਤ 18.60 ਲੱਖ ਰੁਪਏ ਹੈ। ਕੰਪਨੀ ਨੇ ਦੱਸਿਆ ਕਿ ਸਾਲ 2010 ਵਿਚ ਲਾਂਚ ਕੀਤੀ ਲੀਫ ਕਾਰ ਦੀ ਸਫਲਤਾ ਨੂੰ ਦੇਖਦੇ ਹੋਏ ਉਸਨੇ ਇਹ ਨਵਾਂ ਅਪਡੇਟਿਡ ਵਰਜ਼ਨ ਲਾਂਚ ਕੀਤਾ ਹੈ। ਹੁਣ ਤੱਕ ਦੁਨੀਆ ਭਰ ਵਿਚ ਉਸਦੀਆਂ 28 ਲੱਖ ਕਾਰਾਂ ਵਿਕੀਆਂ ਹਨ। ਲੀਫ ਕਾਰ ਦਾ ਨਵਾਂ ਵਰਜ਼ਨ 2 ਅਕਤੂਬਰ ਤੋਂ ਜਾਪਾਨ ਦੇ ਬਾਜ਼ਾਰ ਵਿਚ ਉਪਲੱਬਧ ਹੋਵੇਗਾ। ਇਸ ਤੋਂ ਬਾਅਦ ਅਗਲੇ ਸਾਲ ਜਨਵਰੀ ਵਿਚ ਇਸਦੀ ਵਿਕਰੀ ਅਮਰੀਕਾ, ਕੈਨੇਡਾ ਅਤੇ ਯੂਰਪ ਵਿਚ ਸ਼ੁਰੂ ਹੋ ਜਾਵੇਗੀ। ਇਹ ਕਾਰ ਭਾਰਤ ਵਿਚ ਕਦੋਂ ਲਾਂਚ ਹੋਵੇਗੀ, ਇਸਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ।
ਕੰਪਨੀ ਮੁਤਾਬਕ ਨਵੀਂ ਲੀਫ ਕਾਰ ਇਕ ਵਾਰ ਫੁੱਲ ਚਾਰਜ ਕਰਨ 'ਤੇ 400 ਕਿਲੋਮੀਟਰ ਚੱਲੇਗੀ। ਉਸਨੇ ਇਸ ਨਵੇਂ ਵਰਜ਼ਨ 'ਚ ਇਸ ਤੋਂ ਇਲਾਵਾ ਵੀ ਕਈ ਬਦਲਾਅ ਕੀਤੇ ਹਨ। ਇਸ ਵਿਚ ਪਾਰਕਿੰਗ ਅਸਿਸਟੈਂਟਸ ਅਤੇ ਸਿੰਗਲ ਪੈਡਲ ਡਰਾਈਵਿੰਗ ਵੀ ਹੈ।
ਇਸਦੀ ਬੈਟਰੀ ਵੀ ਪਹਿਲਾਂ ਨਾਲੋਂ ਬਿਹਤਰ ਹੈ, ਜਿਸ ਨਾਲ ਲੰਬੀ ਦੂਰੀ ਤੈਅ ਕਰਨਾ ਆਸਾਨ ਹੋ ਗਿਆ ਹੈ। ਇਸਦੀ ਬੈਟਰੀ ਲਾਈਫ ਵੀ ਉਮੀਦ ਨਾਲੋਂ ਜ਼ਿਆਦਾ ਹੈ ਅਤੇ ਕੁਇੱਕ ਚਾਰਜ ਨਾਲ ਸਿਰਫ 40 ਮਿੰਟਾਂ ਵਿਚ 80 ਫੀਸਦੀ ਚਾਰਜ ਹੋ ਜਾਂਦੀ ਹੈ। ਆਮ ਤੌਰ 'ਤੇ ਇਸਨੂੰ ਚਾਰਜ ਕਰਨ ਵਿਚ 8 ਤੋਂ 16 ਘੰਟੇ ਲੱਗਦੇ ਹਨ। ਇਹ ਕਾਰ 148 ਬੀ. ਐੱਚ. ਪੀ. ਦੀ ਪਾਵਰ ਅਤੇ 320 ਐੱਨ. ਐੱਮ. ਦਾ ਟਾਰਕ ਪੈਦਾ ਕਰਦੀ ਹੈ। ਲੀਫ ਦਾ ਨਵਾਂ ਵਰਜ਼ਨ ਕਈ ਰੰਗਾਂ ਵਿਚ ਉਪਲੱਬਧ ਹੈ। ਇਹ ਚਿੱਟੇ, ਪੀਲੇ, ਲਾਲ ਅਤੇ ਹਲਕੇ ਨੀਲੇ ਰੰਗ ਵਿਚ ਉਪਲੱਬਧ ਹੈ ਅਤੇ ਇਸਦੀ ਛੱਤ ਕਾਲੀ ਹੈ। ਇਸ ਤੋਂ ਇਲਾਵਾ ਇਸਨੂੰ ਸਪਰਿੰਗ ਲਾਈਟ ਗ੍ਰੀਨ ਰੰਗ ਵਿਚ ਵੀ ਪੇਸ਼ ਕੀਤਾ ਜਾ ਰਿਹਾ ਹੈ।