ਨਵੀਂ ਦਿੱਲੀ, 31 ਮਈ, 2017 : ਰਿਲਾਇੰਸ ਜੀਓ ਦੀ ਜੀਓ ਫਾਈਬਰ ਬਰੌਡਬੈਂਡ ਸੇਵਾ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾ ਹੋ ਰਹੀ ਹੈ। ਕੰਪਨੀ ਇਸ ਨੂੰ ਦੀਵਾਲੀ ਦੇ ਆਸ-ਪਾਸ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਮੀਡੀਆ ਰਿਪੋਰਟ ਅਨੁਸਾਰ ਟੈਲੀਕਾਮ ਬਾਜ਼ਾਰ ਵਾਂਗ ਬਰੌਡਬੈਂਡ ਬਾਜ਼ਾਰ ਵਿੱਚ ਵੀ ਜੀਓ ਵੱਡੀ ਜੰਗ ਛੇੜਨ ਵਾਲਾ ਹੈ। ਕੰਪਨੀ 500 ਰੁਪਏ ਵਿੱਚ 100 ਜੀਬੀ ਡਾਟਾ ਪਲਾਨ ਆਫ਼ਰ ਕਰੇਗੀ। ਇਸ ਤੋਂ ਪਹਿਲਾਂ ਖ਼ਬਰ ਇਹ ਵੀ ਸੀ ਜੂਨ ਮਹੀਨੇ ਵਿੱਚ ਜੀਓ ਫਾਈਬਰ ਸੇਵਾ ਸ਼ੁਰੂ ਹੋਵੇਗੀ।
ਮਈ ਵਿੱਚ ਰਿਲਾਇੰਸ ਜੀਓ ਨੇ ਟਵਿੱਟਰ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਕੰਪਨੀ ਕੁਝ ਸ਼ਹਿਰਾਂ ਵਿੱਚ ਜੀਓ ਫਾਈਬਰ ਹੋਮ ਬਰਾਡਬੈਂਡ ਦਾ ਨਮੂਨਾ ਆਫ਼ਰ ਸ਼ੁਰੂ ਕਰੇਗੀ। ਇੱਕ ਟਵੀਟ ਦੇ ਜਵਾਬ ਵਿੱਚ @JioCare ਨੇ ਦੱਸਿਆ ਕਿ JioFiber ਦੀ ਪ੍ਰੀਵਯੂ ਆਫ਼ਰ ਮੁੰਬਈ, ਦਿੱਲੀ-ਐਨਸੀਆਰ, ਅਹਿਮਦਾਬਾਦ, ਜਾਮਨਗਰ, ਸੂਰਤ ਤੇ ਬਡੋਦਰਾ ਵਿੱਚ ਸ਼ੁਰੂ ਕੀਤੇ ਜਾ ਚੁੱਕੇ ਹਨ।
ਇਸ ਤੋਂ ਪਹਿਲਾਂ ਦੀ ਰਿਪੋਰਟ ਦੇ ਅਨੁਸਾਰ ਜੀਓ ਫਾਈਬਰ ਦੇ ਪ੍ਰੀਵਯੂ ਵਿੱਚ 100Mbps ਦੀ ਸਪੀਡ ਮਿਲਣ ਦੀ ਖ਼ਬਰ ਸੀ। ਅਜਿਹੇ ਵਿੱਚ ਇਹ ਸਾਫ਼ ਹੈ ਕਿ ਜੀਓ ਦੇ ਹੋਮ ਬਰਾਡਬੈਂਡ ਇੰਡਸਟਰੀ ਵਿੱਚ ਆਉਣ ਨਾਲ ਯੂਜਰਜ਼ ਦੀ ਵੀ ਚਾਂਦੀ ਹੋਣ ਵਾਲੀ ਹੈ। ਜੀਓ ਨਾਲ ਮੁਕਾਬਲਾ ਕਰਨ ਲਈ ਏਅਰਟੈੱਲ ਨੇ ਵੀ ਇਸ ਖੇਤਰ ਵਿੱਚ ਆਪਣੇ ਕਮਰ ਕੱਸ ਲਈ ਹੈ।
ਹਾਲ ਹੀ ਵਿੱਚ ਕੰਪਨੀ ਨੇ ਆਪਣੇ ਬਰਾਡਬੈਂਡ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਇਸ ਦੇ ਨਾਲ ਹੀ ਏਅਰਟੈੱਲ ਆਪਣੇ ਬਰੋਡਬੈਂਡ ਗਾਹਕਾਂ ਨੂੰ 1000 ਜੀਬੀ ਡਾਟਾ ਮੁਫ਼ਤ ਦੇ ਰਿਹਾ ਹੈ।