ਨਵੀਂ ਦਿੱਲੀ, 7 ਅਪ੍ਰੈਲ, 2017 : ਟੈਲੀਕਾਮ ਰੈਗੂਲੇਟਰੀ ਟਰਾਈ ਨੇ ਰਿਲਾਇੰਸ ਜਿਓ ਨੂੰ ਵੱਡਾ ਝਟਕਾ ਦਿੱਤਾ ਹੈ। ਟਰਾਈ ਨੇ ਜਿਓ ਕੋਲੋਂ ਪ੍ਰਾਈਸ ਮੈਂਬਰਸ਼ਿਪ ਦੀ ਵਧਾਈ ਗਈ ਮਿਆਦ (15 ਦਿਨ) ਅਤੇ ਸਮਰ ਸਰਪ੍ਰਾਈਜ਼ ਸਕੀਮ ਨੂੰ ਵਾਪਸ ਲੈਣ ਦਾ ਆਦੇਸ਼ ਦਿੱਤਾ। ਰਿਲਾਇੰਸ ਜਿਓ ਦੇ ਸੀ.ਈ.ਓ. ਨੇ ਟਰਾਈ ਦੇ ਇਸ ਆਦੇਸ਼ ਨੂੰ ਮੰਨ ਲਿਆ ਹੈ। ਸੂਤਰਾਂ ਮੁਤਾਬਕ, ਕਸਟਮਰ ਜੋ ਇਸ ਸਕੀਮ ਲਈ ਸਬਸਕ੍ਰਾਇਬ ਕਰ ਚੁੱਕੇ ਹਨ, ਉਹ ਇਸਦੇ ਮੈਂਬਰ ਬਣੇ ਰਹਿਣਗੇ।
ਪ੍ਰਾਈਸ ਮੈਂਬਰ ਦੀ ਸਮਾਂ ਮਿਆਦ ਵਧਾਉਣ ਤੋਂ ਬਾਅਦ ਜਿਓ ਨੇ ਗਾਹਕਾਂ ਨੂੰ ਲੁਭਾਉਣ ਲਈ ਸਮਰ ਸਰਪ੍ਰਾਈਜ਼ ਆਫਰ ਪੇਸ਼ ਕੀਤਾ ਸੀ। ਇਸ ਆਫਰ ਦੇ ਤਹਿਤ 15 ਅਪ੍ਰੈਲ ਤੱਕ 99 ਰੁਪਏ 'ਚ ਪ੍ਰਾਈਸ ਮੈਂਬਰਸ਼ਿਪ ਲੈਣ ਅਤੇ ਪਹਿਲਾ ਰਿਚਾਰਜ 303 ਰੁਪਏ ਜਾਂ ਇਸ ਤੋਂ ਵਧ ਕਰਾਉਣ 'ਤੇ ਅਗਲੇ ਤਿੰਨ ਮਹੀਨੇ ਤੱਕ ਜਿਓ ਦੀ ਪਹਿਲਾਂ ਵਰਗੀ ਫਰੀ ਸਰਵਿਸ ਇਸਤੇਮਾਲ ਕੀਤੀ ਜਾ ਸਕਦੀ ਹੈ। ਹਾਲਾਂਕਿ ਟਰਾਈ ਦੇ ਇਤਰਾਜ਼ ਮਗਰੋਂ ਇਸ ਸਕੀਮ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਜੇਕਰ ਤੁਸੀਂ ਅਜੇ ਤੱਕ ਇਸ ਸਕੀਮ ਲਈ ਸਬਸਕ੍ਰਾਈਬ ਨਹੀਂ ਕੀਤਾ ਸੀ ਤਾਂ ਹੁਣ ਤੁਸੀਂ ਇਸਦੇ ਫਾਇਦੇ ਨਹੀਂ ਲੈ ਸਕੋਗੇ।
ਅਜਿਹਾ ਮੰਨਿਆ ਜਾ ਰਿਹਾ ਸੀ ਕਿ 31 ਮਾਰਚ ਤੱਕ ਜਿਓ ਪ੍ਰਾਈਮ ਲੈਣ ਵਾਲੇ ਗਾਹਕਾਂ ਦੀ ਗਿਣਤੀ ਘੱਟ ਰਹਿਣ ਦੇ ਕਾਰਨ ਜਿਓ ਨੇ ਪ੍ਰਾਈਮ ਮੈਂਬਰ ਬਣਨ ਲਈ 15 ਦਿਨਾਂ ਦੀ ਸਮਾਂ ਮਿਆਦ ਵਧਾ ਦਿੱਤੀ ਸੀ। ਜਿਓ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਟਰਾਈ ਦੇ ਆਦੇਸ਼ ਨੂੰ ਮੰਨਦੇ ਹੋਏ 303 ਰੁਪਏ 'ਚ ਤਿੰਨ ਮਹੀਨੇ ਤੱਕ ਫਰੀ ਸਰਵਿਸ ਵਾਲਾ ਆਫਰ ਵਾਪਸ ਲੈ ਰਹੀ ਹੈ। ਹਾਲਾਂਕਿ ਕੰਪਨੀ ਨੇ ਸਾਫ ਕੀਤਾ ਕਿ ਉਹ ਗਾਹਕ ਜੋ ਸਮਰ ਸਰਪ੍ਰਾਈਜ਼ ਸਕੀਮ ਲਈ ਅਪਲਾਈ ਕਰ ਚੁੱਕੇ ਹਨ, ਉਨ੍ਹਾਂ ਲਈ 3 ਮਹੀਨੇ ਤੱਕ ਫਰੀ ਸੇਵਾਵਾਂ ਜਾਰੀ ਰਹਿਣਗੀਆਂ।