ਨਵੀਂ ਦਿੱਲੀ, 25 ਮਾਰਚ, 2017 : ਸਰਕਾਰੀ ਦੂਰਸੰਚਾਰ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਆਪਣੇ ਅਜਿਹੇ ਸਮਾਰਟ ਫੋਨ ਗਾਹਕਾਂ ਨੂੰ 1-ਜੀਬੀ ਮੁਫਤ ਡਾਟਾ ਦੀ ਪੇਸ਼ਕਸ਼ ਕੀਤੀ ਹੈ, ਜਿਨ੍ਹਾਂ ਕੋਲ ਬੀ. ਐੱਸ. ਐੱਨ. ਐੱਲ. ਦੀ ਸਿਮ ਹੈ। ਇਸ ਆਫਰ ਤਹਿਤ ਸਿਰਫ ਪਹਿਲੀ ਵਾਰ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਨੂੰ ਮੁਫਤ ਡਾਟਾ ਮਿਲੇਗਾ। ਕੰਪਨੀ ਨੇ ਬਿਆਨ 'ਚ ਕਿਹਾ ਕਿ ਉਸ ਨੇ 'ਡਿਜੀਟਲ ਇੰਡੀਆ' ਦੇ ਪ੍ਰਸਾਰ ਅਤੇ ਪ੍ਰੀਪੇਡ ਗਾਹਕਾਂ 'ਚ ਇੰਟਰਨੈੱਟ ਉਪਭੋਗਤਾਵਾਂ ਦੀ ਗਿਣਤੀ ਵਧਾਉਣ ਲਈ ਇਹ ਵਿਸ਼ੇਸ਼ ਮੁਫਤ ਆਫਰ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਰਿਲਾਇੰਸ ਜੀਓ ਨੂੰ ਟੱਕਰ ਦਿੰਦੇ ਹੋਏ ਬੀ. ਐੱਸ. ਐੱਨ. ਐੱਲ. ਨੇ 339 ਰੁਪਏ ਦਾ ਪਲਾਨ ਪੇਸ਼ ਕੀਤਾ ਸੀ। ਇਸ ਤਹਿਤ ਗਾਹਕਾਂ ਨੂੰ ਹਰ ਦਿਨ 2-ਜੀਬੀ 3ਜੀ ਡਾਟਾ ਅਤੇ ਕੰਪਨੀ ਦੇ ਨੈੱਟਵਰਕ 'ਚ ਅਸੀਮਤ ਕਾਲਿੰਗ ਦੀ ਸੁਵਿਧਾ ਦਿੱਤੀ ਗਈ ਹੈ। ਇਹ ਆਫਰ 28 ਦਿਨਾਂ ਲਈ ਹੋਵੇਗਾ।
ਜ਼ਿਕਰਯੋਗ ਹੈ ਕਿ ਦੇਸ਼ 'ਚ ਮੋਬਾਇਲ ਇੰਟਰਨੈੱਟ ਬਾਜ਼ਾਰ 'ਚ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਇਸ ਵਿਚਕਾਰ ਬੀ. ਐੱਸ. ਐੱਨ. ਐੱਲ. ਵੀ ਮੋਬਾਇਲ ਇੰਟਰਨੈੱਟ ਦੇ ਵਧਦੇ ਬਾਜ਼ਾਰ 'ਚ ਆਪਣੀ ਹਿੱਸੇਦਾਰੀ ਵਧਾਉਣ ਦੀ ਦੌੜ 'ਚ ਹੈ। ਹਾਲਾਂਕਿ ਸਰਕਾਰ ਵੱਲੋਂ ਜਨਤਕ ਅਦਾਰਿਆਂ ਦੇ ਮਾਲੀ ਪ੍ਰਦਰਸ਼ਨ 'ਤੇ ਜਾਰੀ ਇਕ ਸਰਵੇ ਨਤੀਜੇ 'ਚ ਬੀ. ਐੱਸ. ਐੱਨ. ਐੱਲ. ਨੂੰ ਖਰਾਬ ਪ੍ਰਦਰਸ਼ਨ ਵਾਲੇ ਟਾਪ ਅਦਾਰਿਆਂ 'ਚ ਸ਼ਾਮਲ ਕੀਤਾ ਗਿਆ ਹੈ।