ਨਵੀਂ ਦਿੱਲੀ, 11 ਫਰਵਰੀ, 2017 : ਐਪਲ ਦਾ ਆਉਣ ਵਾਲਾ ਨਵਾਂ ਆਈਫੋਨ-8 ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਫੋਨ ਹੋਵੇਗਾ। fastcompany ਦੀ ਰਿਪੋਰਟ ਮੁਤਾਬਕ ਫੋਨ ਦੀ ਕੀਮਤ 1000 ਡਾਲਰ (67025 ਰੁਪਏ) ਦੇ ਨੇੜੇ ਹੋਵੇਗੀ ਤੇ ਜੇ ਇੰਨੀ ਕੀਮਤ ਹੁੰਦੀ ਹੈ ਤਾਂ ਇਹ ਐਪਲ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਫੋਨ ਹੋਵੇਗਾ। ਇਸ ਸਾਲ ਐਪਲ ਆਪਣੀ 10ਵੀਂ ਵਰ੍ਹੇਗੰਢ ਵੀ ਮਨਾ ਰਿਹਾ ਹੈ। ਅਜਿਹੇ ਵਿੱਚ ਖਬਰ ਹੈ ਕਿ ਆਉਣ ਵਾਲੇ ਨਵੇਂ ਆਈਫੋਨ ਨੂੰ ਉਹ ਸਭ ਤੋਂ ਜ਼ਬਰਦਸਤ ਫੋਨ ਬਣਾਏਗਾ। ਇਸ ਵਿੱਚ ਤਕਨਾਲੋਜੀ ਦਾ ਬਿਹਤਰ ਰੂਪ ਦੇਖਣ ਨੂੰ ਮਿਲੇਗਾ। ਇਸ ਦਾ ਨਾਂ ਐਪਲ ਸੀਰੀਜ਼ ਮੁਤਾਬਕ ਆਈਫੋਨ-8 ਜਾਂ ਆਈਫੋਨ-X ਹੋਵੇਗਾ।
ਇੱਕ ਰਿਪੋਰਟ ਮੁਤਾਬਕ ਆਈਫੋਨ-8 ਜਾਂ ਆਈਫੋਨ-X ਵਿੱਚ 5.8 ਇੰਚ ਦੀ ਡਿਸਪਲੇ ਦਿੱਤੀ ਜਾਵੇਗੀ। ਸਕਰੀਨ ਬਹੁਤ ਹੀ ਪਤਲੀ ਹੋਵੇਗੀ। OLED ਡਿਸਪਲੇ ਵਿੱਚ LCD ਦੇ ਮੁਕਾਬਲੇ ਕੰਪਨੀ ਨੂੰ ਦੁਗਣਾ ਖਰਚ ਕਰਨਾ ਹੋਵੇਗਾ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਨਵਾਂ ਆਈਫੋਨ IPhone-7 ਨਾਲੋਂ ਵੱਧ ਮੈਮਰੀ ਨਾਲ ਆਏਗਾ। ਨਵੇਂ ਫੋਨ ਵਿੱਚ ਵੀ ਆਈਫੋਨ-7 ਵਾਂਗ ਡੂਅਲ ਕੈਮਰਾ ਸੈਟਅਪ ਹੋਵੇਗਾ। ਉਮੀਦ ਹੈ ਕਿ ਇਸ ਡਿਵਾਈਸ ਵਿੱਚ ਪਹਿਲਾਂ ਨਾਲੋਂ ਵੱਧ ਪਾਵਰ ਵਾਲੀ ਬੈਟਰੀ ਹੋਵੇਗੀ ਤੇ ਹੋਮਬਟਨ ਦੀ ਥਾਂ ਵੀ ਕੁਝ ਬਦਲਿਆ ਦਿੱਸੇਗਾ। ਹਾਲ ਹੀ ਵਿੱਚ ਖਬਰ ਹੈ ਕਿ ਐਪਲ ਸਮੇਂ ਤੋਂ ਪਹਿਲਾਂ ਹੀ ਨਵੇਂ ਆਈਫੋਨ ਦੀ ਪ੍ਰੋਡਕਸ਼ਨ ਸ਼ੁਰੂ ਕਰਨ ਵਾਲੀ ਹੈ। ਟੈਕ ਮਾਹਿਰਾਂ ਦਾ ਮੰਨਣਾ ਹੈ ਕਿ ਕੰਪਨੀ ਦਾ ਇਹ ਸਮਾਰਟਫੋਨ ਬੇਹੱਦ ਨਵਾਂ ਤੇ ਬਾਕੀ ਆਈਫੋਨਸ ਨਾਲੋਂ ਬਿਲਕੁਲ ਵੱਖਰਾ ਤੇ ਬਿਹਤਰੀਨ ਹੋਵੇਗਾ। ਨਵਾਂ ਆਈਫੋਨ ਬਾਜ਼ਾਰ ਵਿੱਚ ਆਉਣ ਤੋਂ ਪਹਿਲਾਂ ਹਰ ਵਾਰ ਕਈ ਤਰ੍ਹਾਂ ਦੇ ਦਾਅਵੇ ਸਾਹਮਣੇ ਆਉਂਦੇ ਹਨ, ਦੇਖਣਾ ਹੋਵੇਗਾ ਕਿ ਨਵਾਂ ਆਉਣ ਵਾਲਾ ਆਈਫੋਨ ਕਿਹੜੀਆਂ ਫੀਚਰਜ਼ ਨਾਲ ਆਏਗਾ।