ਜੁੜਵਾਂ ਬੱਚਿਆਂ 'ਚ 1 ਸਾਲ ਦਾ ਫਰਕ, ਲੋਕਾਂ ਨੇ ਕਿਹਾ- ਇਹ ਕਿਵੇਂ ਹੋਇਆ ?
ਦੀਪਕ ਗਰਗ
ਕੋਟਕਪੂਰਾ 5 ਜਨਵਰੀ 2022 - ਬਹੁਤ ਹੀ ਦਿਲਚਸਪ ਅਤੇ ਸਾਰੇ ਸੁੰਦਰ ਸੰਜੋਗਾਂ ਨਾਲ ਭਰੀ ਇਸ ਦੁਨੀਆ ਵਿੱਚ, ਕਈ ਵਾਰ ਅਜਿਹੀਆਂ ਘਟਨਾਵਾਂ ਪੜ੍ਹਨ, ਵੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ 'ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਅਜਿਹੀ ਹੀ ਇੱਕ ਘਟਨਾ ਕੈਲੀਫੋਰਨੀਆ ਦੇ ਜੁੜਵਾਂ ਬੱਚਿਆਂ ਦੀ ਹੈ। ਜਿਨ੍ਹਾਂ ਦਾ ਜਨਮ ਦਿਨ ਵੱਖ-ਵੱਖ ਸਾਲਾਂ ਵਿੱਚ ਮਨਾਇਆ ਜਾਵੇਗਾ।
ਬਹੁਤ ਘੱਟ ਮਾਮਲੇ ਅਜਿਹੇ ਹੁੰਦੇ ਹਨ ਜਦੋਂ ਜੁੜਵਾਂ ਬੱਚੇ ਇਸ ਤਰ੍ਹਾਂ ਪੈਦਾ ਹੁੰਦੇ ਹਨ। ਦਰਅਸਲ, ਇੱਕ ਬੱਚੇ ਦਾ ਜਨਮ 11:45 'ਤੇ ਹੋਇਆ ਸੀ, ਜਦਕਿ ਦੂਜੇ ਬੱਚੇ ਨੇ 12 ਬਜੇ ਦੁਨੀਆ ਵਿੱਚ ਕਦਮ ਰੱਖਿਆ ਹੈ। ਅਜਿਹੀ ਘਟਨਾ ਨਾਲ ਸਬੰਧਤ ਇਨ੍ਹਾਂ ਬੱਚਿਆਂ ਅਤੇ ਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਜਾਣਕਾਰੀ ਮੁਤਾਬਿਕ ਆਈਲੀਨ ਯੋਲਾਂਡਾ ਟਰੂਜਿਲੋ ਦਾ ਜਨਮ ਸਾਲੀਨਾਸ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਨਵਾਂ ਸਾਲ ਸ਼ੁਰੂ ਹੋਣ ਦੇ ਨਾਲ ਹੀ ਹੋਇਆ ਸੀ। ਇਸ ਤਰ੍ਹਾਂ ਉਹ ਸਾਲ 2022 ਵਿੱਚ ਹਸਪਤਾਲ ਵਿੱਚ ਪੈਦਾ ਹੋਣ ਵਾਲੀ ਪਹਿਲੀ ਬੱਚੀ ਬਣ ਗਈ। ਪਰ ਇਸ ਤੋਂ 15 ਮਿੰਟ ਪਹਿਲਾਂ ਇਸ ਹਸਪਤਾਲ ਵਿਚ ਉਸ ਦੇ ਭਰਾ ਅਲਫਰੇਡੋ ਐਂਟੋਨੀਓ ਟਰੂਜਿਲੋ ਦਾ ਜਨਮ ਹੋਇਆ ਸੀ। ਸਾਲ 2021 ਦੇ ਆਖਰੀ ਦਿਨ ਸ਼ਾਮ ਨੂੰ ਇਨ੍ਹਾਂ ਬੱਚਿਆਂ ਦੀ ਮਾਂ ਫਾਤਿਮਾ ਮੈਡਰੀਗਲ ਨੂੰ ਜਣੇਪੇ ਦਾ ਦਰਦ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਫਾਤਿਮਾ ਨੂੰ ਵੀ ਨਹੀਂ ਪਤਾ ਸੀ ਕਿ ਵੱਖ-ਵੱਖ ਸਾਲਾਂ ਵਿੱਚ ਪੈਦਾ ਹੋਏ, ਉਸਦੇ ਬੱਚੇ ਰਾਤੋ-ਰਾਤ ਇੰਟਰਨੈੱਟ 'ਤੇ ਸਨਸਨੀ ਬਣ ਜਾਣ ਵਾਲੇ ਹਨ। ਵਾਇਰਲ ਫੋਟੋ 'ਚ ਦੋਵੇਂ ਬੱਚੇ ਕਾਫੀ ਕਿਊਟ ਲੱਗ ਰਹੇ ਹਨ। ਇਸ ਦੇ ਨਾਲ ਹੀ ਪੋਸਟ 'ਤੇ ਕਈ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਕਈ ਹੋਰ ਯੂਜ਼ਰਸ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ ਕਿ ਇਹ ਬਹੁਤ ਹੀ ਅਜੀਬ ਮਾਮਲਾ ਹੈ।
ਇਸ ਘਟਨਾ ਤੋਂ ਹਸਪਤਾਲ ਦੇ ਡਾਕਟਰ ਅਤੇ ਹੋਰ ਸਟਾਫ਼ ਵੀ ਹੈਰਾਨ ਰਹਿ ਗਿਆ। ਇਸ ਦੇ ਨਾਲ ਹੀ ਮਾਂ ਅਤੇ ਪਿਤਾ ਵੀ ਇਸ ਇਤਫ਼ਾਕ ਤੋਂ ਹੈਰਾਨ ਰਹਿ ਗਏ।
ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਅਨੁਸਾਰ, ਅਮਰੀਕਾ ਵਿੱਚ ਹਰ ਸਾਲ ਲਗਭਗ 1 ਲੱਖ 20 ਹਜ਼ਾਰ ਜੁੜਵਾਂ ਬੱਚੇ ਪੈਦਾ ਹੁੰਦੇ ਹਨ, ਜਿਨ੍ਹਾਂ ਵਿੱਚੋਂ ਸਿਰਫ 3% ਅਜਿਹੇ ਸੰਜੋਗ ਹਨ। ਮਾਂ ਫਾਤਿਮਾ ਨੇ ਕਿਹਾ, 'ਮੈਂ ਹੈਰਾਨ ਅਤੇ ਖੁਸ਼ ਹਾਂ ਕਿ ਅੱਧੀ ਰਾਤ ਨੂੰ ਮੇਰੀ ਬੇਟੀ ਦਾ ਜਨਮ ਹੋਇਆ।'
ਬ੍ਰਿਟਿਸ਼ ਗਾਰਡੀਅਨ ਅਖਬਾਰ ਨਾਲ ਗੱਲ ਕਰਦੇ ਹੋਏ, ਬੱਚਿਆਂ ਦਾ ਜਣੇਪਾ ਵਾਲੀ ਡਾਕਟਰ ਅਨਾ ਅਬ੍ਰਿਲ ਏਰੀਅਸ ਨੇ ਕਿਹਾ, "ਇਹ ਮੇਰੇ ਜੀਵਨ ਦਾ ਸਭ ਤੋਂ ਯਾਦਗਾਰ ਜਣੇਪਾ ਹੈ। 2021 ਵਿੱਚ ਇਹਨਾਂ ਦੋ ਛੋਟੇ ਬੱਚਿਆਂ ਵਿੱਚੋਂ ਇੱਕ ਦਾ ਜਨਮ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ। ਅਤੇ ਦੂਜਾ ਬੱਚਾ 2022 ਵਿੱਚ ਹੋਇਆ ਸੀ।" ਅਖਬਾਰ ਮੁਤਾਬਕ ਮਾਂ ਅਤੇ ਬੱਚੇ ਸਿਹਤਮੰਦ ਹਨ ਅਤੇ ਜਲਦੀ ਹੀ ਘਰ ਜਾ ਕੇ ਆਪਣੇ ਤਿੰਨ ਵੱਡੇ ਭੈਣ-ਭਰਾਵਾਂ ਨੂੰ ਮਿਲਣਗੇ।