ਪ੍ਰਿੰਸਵਿੰਦਰ ਸਿੰਘ ਗੋਲਡ ਮੈਡਲ ਜਿੱਤਣ ਤੋਂ ਬਾਅਦ ਭਾਰਤ ਦੇ ਝੰਡੇ ਨਾਲ ਦਰਸ਼ਕਾ ਦਾ ਪਿਆਰ ਕਬੂਲਦੇ ਹੋਏ।
ਮੋਗਾ, 14 ਅਕਤੂਬਰ 2018 : ਵਰਡ ਫੀਲਡ ਅਰਚਰੀ ਚੈਂਪੀਅਨਸ਼ਿੱਪ 2018 ਜੋਕਿ ਸਾਉਥ ਅਫ਼ਰੀਕਾ ਵਿੱਚ ਚੱਲ ਰਹੀ ਹੈ, ਇਨ੍ਹਾਂ ਮੁਕਾਬਿਲਾਂ ਵਿੱਚ ਮੋਗਾ ਦੇ ਪ੍ਰਿੰਸਵਿੰਦਰ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਜਿੱਥੇ ਆਪਣੇ ਜਿਲ੍ਹੇ ਮੋਗਾ ਦਾ ਨਾਮ ਰੋਸ਼ਨ ਕੀਤਾ ਉਥੇ ਹੀ ਭਾਰਤ ਦਾ ਨਾਮ ਵੀ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ। ਅੱਜ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਿੰਸਵਿੰਦਰ ਦੇ ਪਿਤਾ ਦਵਿੰਦਰ ਸਿੰਘ ਅਤੇ ਕੋਚ ਧਰਮਿੰਦਰ ਸੰਧੂ ਅਤੇ ਗਗਨ ਕੁਮਾਰ ਸਕੱਤਰ ਪੰਜਾਬ ਫੀਲਡ ਅਰਚਰੀ ਐਸੋਸ਼ੀਏਸ਼ਨ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੱਸਿਆ ਕਿ ਮੋਗਾ ਤੀਰ ਅੰਦਾਜੀ ਅਕੈਡਮੀ ਦਾ ਹੋਣਹਾਰ ਵਿਦਿਆਰਥੀ ਪ੍ਰਿੰਸਵਿੰਦਰ ਸਿੰਘ ਨੇ ਅੱਜ ਵਰਡ ਫੀਲਡ ਅਰਚਰੀ ਚੈਂਪੀਅਨਸ਼ਿੱਪ ਜਿਸ ਵਿੱਚ ਪੂਰੀ ਦੁਨੀਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ ਸੀ, ਉਸ ਵਿੱਚ ਸਭ ਤੋਂ ਜਿਆਦਾ ਅੰਕ ਹਾਸਿਲ ਕਰਕੇ ਗੋਲਡ ਮੈਡਲ ਜਿੱਤਿਆ। ਉਨ੍ਹਾਂ ਦੱਸਿਆ ਕਿ ਫਰਵਰੀ 2019 ਵਿੱਚ ਅਮਰੀਕਾ ਵਿੱਚ ਹੋਣ ਵਾਲੇ ਦ ਵੈਗਾਸ ਸ਼ੂਟ ਚੈਂਪੀਅਨਸ਼ਿੱਪ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਇਸ ਮੌਕੇ ਤੇ ਪਰਿਵਾਰ ਅਤੇ ਕੋਚ ਸਾਹਿਬਾਨਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਐਮ.ਐਲ.ਏ. ਡਾ. ਹਰਜੋਤ ਕਮਲ ਨੇ ਦਿੱਤੀ ਵਧਾਈ
ਇਸ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਪ੍ਰਿੰਸਵਿੰਦਰ ਸਿੰਘ ਦੀ ਇਸ ਜਿੱਤ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਹਲਕੇ ਮੋਗਾ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸਵਿੰਦਰ ਸਿੰਘ ਦੀ ਇਸ ਜਿੱਤ ਨਾਲ ਹੋਰ ਵੀ ਖਿਡਾਰੀਆਂ ਨੂੰ ਪ੍ਰੇਰਣਾ ਮਿਲੇਗੀ ਅਤੇ ਪੰਜਾਬ ਸਰਕਾਰ ਵਲੋਂ ਸਟੇਟ ਸਪੋਰਟਸ ਅਵਾਰਡ 2018 ਤਹਿਤ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਗਈ ਹੈ, ਜਿਸ ਨਾਲ ਪੰਜਾਬ ਵਿੱਚ ਨਵੇਂ ਖਿਡਾਰੀ ਪ੍ਰਫੁੱਲਿਤ ਹੋਣਗੇ।