ਮੈਡਲ ਜੇਤੂ ਖਿਡਾਰੀਆਂ ਦਾ ਸਵਾਗਤ ਕਰਦੇ ਡਿਪਟੀ ਕਮਿਸ਼ਨਰ
ਜਗਦੀਸ਼ ਥਿੰਦ
ਫਾਜ਼ਿਲਕਾ 18 ਸਤੰਬਰ
ਸਰਹੱਦੀ ਜ਼ਿਲਾ ਫਾਜ਼ਿਲਕਾ ਦੇ ਪਿੰਡ ਆਵਾ ਦੇ ਦੋ ਨੌਜ਼ਵਾਨ ਖਿਡਾਰੀਆਂ ਨੇ ਮਲੇਸ਼ੀਆ ਦੇ ਪੀਕਾਂਗ ਵਿਖੇ ਹੋਈਆਂ ਏਸ਼ੀਅਨ ਪੈਸੀਫਿਕ ਮਾਸਟਰ ਖੇਡਾਂ ਦੌਰਾਨ ਤਿੰਨ ਤਗਮੇ ਜਿੱਤ ਕੇ ਆਪਣੇ ਪਿੰਡ, ਜ਼ਿਲੇ ਤੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਨਾਮ ਚਮਕਾਇਆ ਹੈ। ਇਨਾਂ ਖਿਡਾਰੀਆਂ ਦੇ ਇਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ 'ਤੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਵੱਲੋਂ ਉਨਾਂ ਦੇ ਗੱਲ ਵਿਚ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਇਨਾਂ ਨੌਜਵਾਨ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਜਿਥੇ ਉਨਾਂ ਦੀ ਖੇਡਾਂ ਪ੍ਰਤੀ ਭਾਵਨਾ ਦੀ ਹੌਂਸਲਾ-ਅਫਜ਼ਾਈ ਕੀਤੀ ਉਥੇ ਉਨਾਂ ਨੂੰ ਖੇਡਾਂ ਵਿੱਚ ਹੋਰ ਮੱਲਾਂ ਮਾਰਨ ਲਈ ਵੀ ਉਤਸ਼ਾਹਿਤ ਕੀਤਾ।
ਮਲੇਸ਼ੀਆ ਵਿੱਚ ਹੋਈਆਂ ਇਨਾਂ ਏਸ਼ੀਅਨ ਪੈਸੀਫਿਕ ਮਾਸਟਰ ਖੇਡਾਂ ਦੌਰਾਨ 64 ਮੁਲਕਾਂ ਦੇ 5500 ਖਿਡਾਰੀਆਂ ਵੱਲੋਂ ਭਾਗ ਲਿਆ ਗਿਆ। 9 ਦਿਨ(7 ਤੋਂ 15 ਸਤੰਬਰ 2018) ਹੋਈਆਂ ਇਨਾਂ ਖੇਡਾਂ ਦੌਰਾਨ ਵੱਖ-ਵੱਖ ਤਰਾਂ ਦੀਆਂ 21 ਖੇਡਾਂ ਹੋਈਆਂ। ਇਸ ਮੌਕੇ ਸਰਹੱਦੀ ਜ਼ਿਲਾ ਫਾਜ਼ਿਲਕਾ ਦੇ ਪਿੰਡ ਆਵਾ ਦੇ ਸ੍ਰੀ ਗੁਰਵਿੰਦਰ ਸਿੰਘ ਗਰੇਵਾਲ ਨੇ ਡਿਸਕਸ ਥ੍ਰੋਹ ਵਿੱਚ ਗੋਲਡ ਅਤੇ ਸ਼ਾਟਪੁਟ ਵਿੱਚ ਬਰੋਂਜ ਤੇ ਇਸੇ ਪਿੰਡ ਦੇ ਸ੍ਰੀ ਹਰਮੀਤ ਸਿੰਘ ਗਰੇਵਾਲ ਨੇ 4&400 ਮੀਟਰ ਰਿਲੇਅ ਦੌੜ ਵਿੱਚ ਸਿਲਵਰ ਮੈਡਲ ਜਿੱਤ ਕੇ ਸਿਰਫ ਆਪਣੇ ਪਿੰਡ ਹੀ ਨਹੀਂ ਸਗੋਂ ਜ਼ਿਲਾ ਫਾਜ਼ਿਲਕਾ, ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ।
ਇਨਾਂ ਖਿਡਾਰੀਆਂ ਦੇ ਇਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ 'ਤੇ ਡਿਪਟੀ ਕਮਿਸ਼ਨਰ ਤੋਂ ਇਲਾਵਾ ਪਿੰਡ ਦੇ ਸਰਪੰਚ ਸਵਿੰਦਰ ਸਿੰਘ ਗਰੇਵਾਲ, ਮਹਾਰਾਜਾ ਰਣਜੀਤ ਸਿੰਘ ਕਲੱਬ ਫਾਜ਼ਿਲਕਾ, ਸਰਬਤ ਦਾ ਭਲਾ ਸ਼ਹੀਦ ਭਗਤ ਸਿੰਘ ਕਲੱਬ ਪੱਕਾ ਚਿਸ਼ਤੀ ਦੇ ਅਹੁਦੇਦਾਰਾਂ ਅਤੇ ਖੇਡ ਪ੍ਰੇਮੀਆਂ ਅਤੇ ਮਾਰਸ਼ਲ ਸਪੋਰਟਸ ਤੇ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਸ੍ਰੀ ਸੰਜੀਵ ਮਾਰਸ਼ਲ ਤੋਂ ਇਲਾਵਾ ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨ ਖਿਡਾਰੀਆਂ ਵੱਲੋਂ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।