ਭੱਠਲਾਂ/ਬਰਨਾਲਾ, 14 ਅਗਸਤ 2018 - ਸਾਲ 1978 ’ਚ ਬੈਂਗਕਾਕ ਏਸ਼ੀਅਨ ਖੇਡਾਂ ’ਚ ਦੇਸ਼ ਲਈ ਸੋਨੇ ਦਾ ਤਮਗ਼ਾ ਜਿੱਤਣ ਵਾਲੇ 64 ਸਾਲਾ ਹਾਕਮ ਸਿੰਘ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਉਨਾਂ ਦੇ ਜੱਦੀ ਪਿੰਡ ਭੱਠਲਾਂ ਵਿਖੇ ਉਨਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਿਗਰ ਅਤੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹਾਕਮ ਸਿੰਘ ਨੂੰ ਪਿਛਲੇ ਕੁਝ ਦਿਨਾਂ ਤੋਂ ਉਨਾਂ ਦੇ ਪਰਿਵਾਰ ਵੱਲੋਂ ਸੰਗਰੂਰ ਸਥਿਤ ਇੱਕ ਪ੍ਰਾਇਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਨਾਂ ਦਾ ਇਲਾਜ ਚੱਲ ਰਿਹਾ ਸੀ। ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਸਕਾਰ ਮੌਕੇ ਹਾਕਮ ਸਿੰਘ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੀ ਰੀਥ ਵੀ ਮਿ੍ਰਤਕ ਦੇਹ ’ਤੇ ਰੱਖੀ ਗਈ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੱਲੋਂ ਹਾਕਮ ਸਿੰਘ ਦੇ ਪਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਪੰਜ ਲੱਖ ਰੁਪਏ ਦੀ ਮਾਲੀ ਸਹਾਇਤਾ ਦਾ ਚੈੱਕ ਵੀ ਭੇਂਟ ਕੀਤਾ।
ਐਸ.ਐਸ.ਪੀ. ਹਰਜੀਤ ਸਿੰਘ, ਡੀ.ਐਸ.ਪੀ. ਰਾਜੇਸ਼ ਛਿੱਬਰ, ਸੈਕਟਰੀ ਰੈੱਡ ਕਰਾਸ ਵਿਜੇ ਕੁਮਾਰ ਗੁਪਤਾ, 6 ਸਿੱਖ ਰੈਜਿਮੈਂਟ ਤੇ ਸਪੋਰਟਸ ਅਥਾਰਿਟੀ ਦੇ ਨੁਮਾਇੰਦਿਆਂ ਤੋਂ ਇਲਾਵਾ, ਗੁਰਜੀਤ ਬਰਾੜ, ਮੱਖਣ ਸ਼ਰਮਾ ਅਤੇ ਹੋਰਨਾ ਵੱਖ ਵੱਖ ਸਖਸ਼ੀਅਤਾਂ ਵੱਲੋਂ ਸਸਕਾਰ ਦੀ ਰਸਮ ਮੌਕੇ ਹਾਜ਼ਰੀ ਭਰੀ ਗਈ ਅਤੇ ਉਨਾਂ ਧਰਮਪਤਨੀ ਬੇਅੰਤ ਕੌਰ ਤੇ ਬਾਕੀ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਪੰਜਾਬ ਸਰਕਾਰ ਵੱਲੋਂ ਹਾਕਮ ਸਿੰਘ ਦੇ ਪਰਿਵਾਰ ਦੀ ਮਦਦ ਲਈ ਭੇਜਿਆ 5 ਲੱਖ ਰੁਪਏ ਦਾ ਚੈੱਕ ਵੀ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਗਿਆ। ਇਸ ਤੋਂ ਪਹਿਲਾਂ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਸ. ਹਾਕਮ ਸਿੰਘ ਦੀਆਂ ਦਵਾਈਆਂ ਦਾ ਸਾਰਾ ਖਰਚ ਅਦਾ ਕਰਨ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣੇ ਜ਼ਿਲਾ ਸੈਨਿਕ ਬੋਰਡ ਬਰਨਾਲਾ ਵੱਲੋਂ ਫਲੈਗ ਡੇ ਫੰਡ ’ਚੋਂ 20 ਹਜ਼ਾਰ ਰੁਪਏ ਦੀ ਮਾਲੀ ਮਦਦ ਦਾ ਚੈੱਕ ਵੀ ਦਿੱਤਾ ਗਿਆ ਸੀ।
ਸ੍ਰੀ ਧਰਮ ਪਾਲ ਗੁਪਤਾ ਨੇ ਕਿਹਾ ਕਿ ਸ. ਹਾਕਮ ਸਿੰਘ ਦੀ ਮੌਤ ਨਾਲ ਪੂਰੇ ਦੇਸ਼ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਹਾਕਮ ਸਿੰਘ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ. ਹਾਕਮ ਸਿੰਘ ਦੀਆਂ ਪ੍ਰਾਪਤੀਆਂ ਹਰ ਪੱਧਰ ’ਤੇ ਸ਼ਲਾਘਾਯੋਗ ਹਨ ਅਤੇ ਇਸੇ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਜ਼ਾਨਾ ਉਨਾਂ ਦੀ ਸਿਹਤ ਦੀ ਸਥਿਤੀ ਦੀ ਰਿਪੋਰਟ ਉਨਾਂ ਪਾਸੋਂ ਲਈ ਜਾ ਰਹੀ ਸੀ।
ਜ਼ਿਕਰਯੋਗ ਹੈ ਕਿ ਜ਼ਿਲੇ ਦੇ ਪਿੰਡ ਭੱਠਲਾਂ ਦੇ ਵਸਨੀਕ ਹਾਕਮ ਸਿੰਘ ਨੇ ਫੌਜ ’ਚ ਹੌਲਦਾਰ ਹੁੰਦਿਆਂ 1978 ’ਚ ਬੈਂਗਕਾਕ ਏਸ਼ੀਅਨ ਖੇਡਾਂ ’ਚ 20 ਕਿਲੋਮੀਟਰ ਪੈਦਲ ਦੌੜ ’ਚ ਸੋਨੇ ਦਾ ਤਮਗ਼ਾ ਜਿੱਤਿਆ ਸੀ ਅਤੇ ਇਸ ਤੋਂ ਅਗਲੇ ਸਾਲ ਏਸ਼ੀਅਨ ਟ੍ਰੈਕ ਐਂਡ ਫੀਲਡ ਚੈਂਪੀਅਨਸ਼ਿਪ ’ਚ ਵੀ ਸੋਨ ਤਮਗ਼ਾ ਜਿੱਤਿਆ ਸੀ। ਇਸ ਤੋਂ ਬਾਅਦ 1981 ’ਚ ਹੋਏ ਇੱਕ ਘਾਤਕ ਐਕਸੀਡੈਂਟ ਕਾਰਨ ਉਨਾਂ ਨੂੰ ਆਪਣੀ ਖੇਡ ਛੱਡਣੀ ਪਈ ਸੀ ਤੇ 1987 ’ਚ ਫੌਜ ’ਚੋਂ ਬਿਨਾਂ ਕਿਸੇ ਭੱਤੇ ਜਾਂ ਲਾਭ ਦੇ ਰਿਟਾਇਰਮੈਂਟ ਲੈਣੀ ਪਈ। ਇਸ ਤੋਂ ਬਾਅਦ ਉਨਾਂ ਪੰਜਾਬ ਪੁਲਿਸ ’ਚ ਬਤੌਰ ਅਥਲੈਟਿਕਸ ਕੋਚ ਨੌਕਰੀ ਕੀਤੀ। ਹਾਲ ਹੀ ਵਿੱਚ ਉਨਾਂ ਵੱਲੋਂ ਫੌਜ ਵਿੱਚੋਂ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੇ ਫਾਇਦਿਆਂ ਲਈ ਕੀਤਾ ਗਿਆ ਕੇਸ ਵੀ ਜਿੱਤ ਲਿਆ ਗਿਆ ਸੀ।
ਪੰਜਾਬ ਦੇ ਇਸ ਮਹਾਨ ਖਿਡਾਰੀ 'ਤੇ ਇਕ ਵਾਰ ਅਜਿਹੇ ਦਿਨ ਆ ਗਏ ਕਿ ਉਸਨੂੰ ਇਲਾਜ ਕਰਾਉਣ ਲਈ ਕੋਈ ਵੀ ਸਰਕਾਰੀ ਸਹਾਇਤਾ ਨਾ ਮਿਲੀ। ਬਿਮਾਰੀ ਨਾਲ ਜੂਝ ਰਹੇ ਹਾਕਮ ਸਿੰਘ ਨੂੰ ਜਦੋਂ ਮੀਡੀਆ ਦੀਆਂ ਸੁਰਖੀਆਂ 'ਚ ਲਿਆਂਦਾ ਗਿਆ ਤਾਂ ਪੰਜਾਬ ਸਰਕਾਰ ਦੀਆਂ ਅੱਖਾਂ ਖੁੱਲ੍ਹੀਆਂ ਅਤੇ ਉਨ੍ਹਾਂ ਦੇ ਇਲਾਜ ਲਈ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਸੀ। ਪਰ ਬਿਮਾਰੀ ਨੇ ਧਿਆਨ ਚੰਦ ਐਵਾਰਡੀ ਹਾਕਮ ਸਿੰਘ ਦਾ ਪਿੱਛਾ ਨਹੀਂ ਛੱਡਿਆ ਤੇ ਅੰਤ ਉਨ੍ਹਾਂ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ।