ਫ਼ਿਰੋਜ਼ਪੁਰ 21 ਜੁਲਾਈ ( ਗੁਰਿੰਦਰ ਸਿੰਘ) ਸੰਗਰੂਰ ਦੇ ਗੁਰੂ ਨਾਨਕ ਬੈਡਮਿੰਟਨ ਹਾਲ ਵਿਖੇ 15 ਤੋ 20 ਜੁਲਾਈ ਤੱਕ ਕਰਵਾਈ ਗਈ ਓਪਨ ਪੰਜਾਬ ਸਟੇਟ ਰੈਂਕਿੰਗ ਚੈਂਪੀਅਨਸ਼ਿਪ ਵਿੱਚ ਫ਼ਿਰੋਜ਼ਪੁਰ ਦੇ ਡੀ.ਸੀ ਮਾਡਲ ਸਕੂਲ ਨੌਵੀਂ ਕਲਾਸ ਦੀ ਵਿਦਿਆਰਥਣ ਸਵਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ ਗੋਲਡ ਤੇ 3 ਬ੍ਰਾਊਜ਼ ਮੈਡਲ ਜਿੱਤ ਕੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਸੂਬੇ ਦੇ ਲਗਭਗ 500 ਖਿਡਾਰੀਆਂ ਨੇ ਸ਼ਿਰਕਤ ਕੀਤੀ। ਇਸ ਚੈਂਪੀਅਨਸ਼ਿਪ ਵਿਚ ਫ਼ਿਰੋਜ਼ਪੁਰ ਦੀ ਖਿਡਾਰਨ ਸਵਰੀਤ ਨੇ ਆਪਣੇ ਪਾਰਟਨਰ ਯੁਵਰਾਜ ਗੁਰਦਾਸਪੁਰ ਨਾਲ ਮਿਲ ਕੇ ਅੰਡਰ-17 ਵਿਚ ਸੋਨ ਤਗਮਾ ਜਿੱਤਿਆ ਜਿਸ ਦੇ ਫਾਈਨਲ ਵਿਚ ਉਨ੍ਹਾਂ ਨੇ ਜਲੰਧਰ ਨੂੰ ਹਰਾਇਆ। ਇਸੇ ਤਰ੍ਹਾਂ ਸਵਰੀਤ ਨੇ ਆਪਣੀ ਸਾਥੀ ਖਿਡਾਰਨ ਸਨਮਪ੍ਰੀਤ ਮੋਗਾ ਨਾਲ ਮਿਲ ਕੇ ਅੰਡਰ-17, ਅੰਡਰ-19 ਅਤੇ ਵੁਮੈਨ ਡਬਲ ਵਿਚ ਤਿੰਨ ਬ੍ਰਾਊਜ਼ ਮੈਡਲ ਜਿੱਤੇ।
ਇਸ ਮੌਕੇ ਇਨਾਮ ਵੰਡ ਸਮਾਰੋਹ ਵਿਚ ਵਿਸ਼ੇਸ਼ ਤੌਰ 'ਤੇ ਪਹੁੁੰਚੇ ਮੈਡਮ ਗਰੀਮਾ ਸਿੰਘ ਐਡੀਸ਼ਨਲ ਕਮਿਸ਼ਨਰ ਇਨਕਮ ਟੈਕਸ ਚੰਡੀਗੜ੍ਹ ਨੇ ਬੱਚਿਆ ਨੂੰ ਮੁਸ਼ਕਲਾਂ ਦੇ ਬਾਵਜੂਦ ਅੱਗੇ ਵੱਧ ਦੇ ਰਹਿਣ ਅਤੇ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀਮਤੀ ਗਗਨ ਕੁੰਦਰਾ, ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸ੍ਰੀ.ਬਤਰਾਨਾ ਚੀਫ਼ ਰੈਫ਼ਰੀ ਹਰਜਿੰਦਰ ਸਿੰਘ ਵੜੈਚ ਤੋ ਇਲਾਵਾ ਖੇਡ ਵਿਭਾਗ ਦੇ ਕੋਚ ਰਾਕੇਸ਼ ਕੁਮਾਰ, ਮੈਡਮ ਸ਼ਕੂਰਾ ਬੇਗਮ, ਨੀਰਜ ਬਾਂਸਲ, ਮੈਡਮ ਸ਼ਹਿਨਾਜ਼, ਵਰੁਨ ਕੁਮਾਰ ਹਾਜ਼ਰ ਸਨ।
ਇਸ ਮੌਕੇ ਖਿਡਾਰਨ ਸਵਰੀਤ ਕੌਰ ਨੇ ਦੱਸਿਆ ਕਿ ਉਸ ਨੂੰ ਸਟੇਡੀਅਮ ਵਿਖੇ ਪ੍ਰੈਕਟਿਸ ਦਾ ਸਮਾਂ ਬਹੁਤ ਘੱਟ ਮਿਲਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪ੍ਰੈਕਟਿਸ ਕਰਨ ਲਈ ਵੱਧ ਸਮਾਂ ਦਵਾਇਆ ਜਾਵੇ। ਖਿਡਾਰਨ ਸਵਰੀਤ ਕੌਰ ਨੇ ਦੱਸਿਆ ਕਿ ਉਸ ਦਾ ਟੀਚਾ ਪੰਜਾਬ ਦੀ ਸਿੰਗਲ ਵਿੱਚ ਨੁਮਾਇੰਦਗੀ ਕਰਕੇ ਨੈਸ਼ਨਲ ਲੈਵਲ 'ਤੇ ਮੈਡਲ ਦਿਵਾਉਣਾ ਹੈ, ਜਿਸ ਲਈ ਉਹ ਵੱਧ ਤੋ ਵੱਧ ਮਿਹਨਤ ਕਰਕੇ ਇਹ ਮੁਕਾਮ ਹਾਸਲ ਕਰਕੇ ਰਹੇਗੀ। ਉਨ੍ਹੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਅਤੇ ਕੋਚ ਜਸਵਿੰਦਰ ਸਿੰਘ ਨੂੰ ਦਿੱਤਾ।