ਮੁੱਖ ਮਹਿਮਾਨ ਜਤਿੰਦਰਪਾਲ ਸਿੰਘ, ਤੇਜਾ ਸਿੰਘ ਧਾਲੀਵਾਲ, ਨਰਿੰਦਰਪਾਲ ਸਿੰਘ ਸਿੱਧੂ, ਖਿਡਾਰੀਆਂ ਤੇ ਆਏ ਮਹਿਮਾਨਾਂ ਨਾਲ ਓਲੰਪੀਅਨ ਪ੍ਰਿਥੀਪਾਲ ਸਿੰਘ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹੋਏ।
ਲੁਧਿਆਣਾ 21 ਮਈ 2018: ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਵੱਲੋਂ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 35ਵੀਂ ਬਰਸੀ ਨੂੰ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਖੇਡ ਭਾਵਨਾ ਤੇ ਸਤਿਕਾਰ ਵਜੋਂ ਮਨਾਈ। ਇਸ ਮੌਕੇ ਚੱਲ ਰਹੇ ਹਾਕੀ ਮੁਕਾਬਲਿਆਂ ਵਿਚ ਅਕਾਲਗੜ੍ਹ ਇਲੈਵਨ ਅਤੇ ਗੇਰਵਾਲ ਕਲੱਬ ਕਿਲ੍ਹਾ ਰਾਏਪੁਰ ਆਪੋ ਆਪਣੇ ਮੁਕਾਬਲਿਆਂ ਵਿਚ ਜੇਤੂ ਰਹੇ।
ਦੁਨੀਆਂ ਦੇ ਹਾਕੀ ਦੇ ਸੁਪਰਸਟਾਰ ਪੈਨਲਟੀ ਕਾਰਨਰ ਦੇ ਕਿੰਗ ਵਜੋਂ ਜਾਣੇ ਜਾਂਦੇ ਮਰਹੂਮ ਖਿਡਾਰੀ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ ਯਾਦ ਨੂੰ ਸਿਜਦਾ ਕਰਦਿਆਂ ਖਿਡਾਰੀਆਂ, ਪ੍ਰਬੰਧਕਾਂ ਤੇ ਨਿੱਕੇ ਬੱਚਿਆਂ ਨੇ ਉਨ੍ਹਾਂ ਦੇ ਆਦਮ ਕੱਦ ਬੁੱਤ 'ਤੇ ਫੁੱਲ ਭੇਟ ਕਰਦਿਆਂ ਰਾਸ਼ਟਰੀ ਗਾਇਨ ਦੀ ਧੁਨ 'ਤੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਜਤਿੰਦਰਪਾਲ ਸਿੰਘ ਸਾਬਕਾ ਪੀ.ਸੀ.ਐੱਸ, ਤੇਜਾ ਸਿੰਘ ਧਾਲੀਵਾਲ, ਜਨਰਲ ਸਕੱਤਰ ਪੰਜਾਬ ਬਾਸਕਟਬਾਲ ਐਸੋਸੀਏਸ਼ਨ, ਨਰਿੰਦਰਪਾਲ ਸਿੰਘ ਸਿੱਧੂ, ਏ.ਆਈ.ਜੀ, ਚੇਅਰਮੈਨ ਜਰਖੜ ਖੇਡਾਂ, ਮੁਕੇਸ਼ ਸ਼ਰਮਾ ਐਮ.ਡੀ. ਉੱਤਮ ਨਮਕੀਨ, ਜਗਮੋਹਣ ਸਿੰਘ ਸਿੱਧੂ, ਪ੍ਰੋ.ਰਜਿੰਦਰ ਸਿੰਘ, ਆਦਿ ਹੋਰ ਮਹਿਮਾਨਾਂ ਨੇ ਓਲੰਪੀਅਨ ਪ੍ਰਿਥੀਪਾਲ ਸਿੰਘ ਦੀਆਂ ਹਾਕੀ ਯਾਦਾਂ ਨੂੰ ਸਾਂਝਾ ਕਰਦਿਆਂ ਬੱਚਿਆਂ ਨੂੰ ਉਨ੍ਹਾਂ ਵਰਗੇ ਮਹਾਨ ਖਿਡਾਰੀ ਬਣਨ ਲਈ ਪ੍ਰੇਰਿਆ।
ਇਸ ਮੌਕੇ ਉਨ੍ਹਾਂ ਦੀ ਯਾਦ ਵਿਚ ਕਰਵਾਏ ਜਾ ਰਹੇ ਮਾਸਟਰ ਹਾਕੀ ਫੈਸਟੀਵਲ ਦੇ ਮੁਕਾਬਲਿਆਂ ਵਿਚ ਅਕਾਲਗੜ੍ਹ ਇਲੈਵਨ ਨੇ ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਨੂੰ ਨਿਰਧਾਰਿਤ ਸਮੇਂ ਤਕ 4-4 ਗੋਲਾਂ ਦੀ ਬਰਾਬਰੀ ਤੋਂ ਬਾਅਦ ਪੈਨਲਟੀ ਸਟ੍ਰੋਕ ਵਿਚ 3-2 ਨਾਲ ਹਰਾਇਆ। ਜੇਤੂ ਟੀਮ ਵੱਲੋਂ ਕਰਮਜੀਤ ਸਿੰਘ ਨੇ 2, ਅੰਕੁਰ ਤੇ ਬਲਜਿੰਦਰ ਸਿੰਘ ਨੇ 1-1 ਗੋਲ ਕੀਤਾ। ਜਦਕਿ ਸੁਨਾਮ ਵੱਲੋਂ ਸੰਜੇ ਕੁਮਾਰ ਨੇ 2 , ਕੁਲਬੀਰ ਸਿੰਘ ਤੇ ਰਾਜਵੀਰ ਸਿੰਘ ਨੇ 1-1 ਗੋਲ ਕੀਤਾ। ਅੱਜ ਦੇ ਦੂਸਰੇ ਬਹੁਤ ਹੀ ਫਸਵੇਂ ਮੁਕਾਬਲੇ ਵਿਚ ਕਿਲ੍ਹਾ ਰਾਏਪੁਰ ਨੇ ਤਾਜ ਰਿਜ਼ੋਰਟਸ ਜਰਖੜ ਨੂੰ 4-2 ਨਾਲ ਹਰਾਇਆ। ਅੱਧੇ ਸਮੇਂ ਤੱਕ ਮੁਕਾਬਲਾ 2-2 ਤੱਕ ਬਰਾਬਰ ਸੀ। ਕਿਲ੍ਹਾ ਰਾਏਪੁਰ ਵੱਲੋਂ ਸੁਖਵਿੰਦਰ ਸਿੰਘ ਨੇ 2, ਸਰਬਜੋਤ ਤੇ ਰਾਜਵਿੰਦਰ ਨੇ 1-1 ਗੋਲ ਕੀਤਾ। ਜਦਕਿ ਜਰਖੜ ਵੱਲੋਂ ਜੋਗਿੰਦਰ ਸਿੰਘ ਅਤੇ ਗੁਰਸਤਿੰਦਰ ਸਿੰਘ ਪਰਗਟ ਨੇ 1-1 ਗੋਲ ਕੀਤਾ। ਇਸ ਮੌਕੇ ਪਰਮਜੀਤ ਸਿੰਘ ਨੀਟੂ ਐਮ.ਡੀ ਤਾਜ ਰਿਜ਼ੋਰਟਸ, ਜਗਦੀਪ ਸਿੰਘ ਕਾਹਲੋਂ, ਬੂਟਾ ਸਿੰਘ ਗਿੱਲ, ਯਾਦਵਿੰਦਰ ਸਿੰਘ ਤੂਰ, ਕ੍ਰਿਸ਼ਨ ਸਿੰਘ ਵੇਟਲਿਫਟਰ, ਰਣਜੀਤ ਸਿੰਘ ਦੁਲੇਂਅ, ਜਗਜੀਤ ਸਿੰਘ ਮਾਨ, ਅਜੀਤ ਸਿੰਘ ਲਾਦੀਆਂ, ਰੌਬਿਨ ਸਿੱਧੂ, ਜਗਦੇਵ ਸਿੰਘ ਜਰਖੜ, ਸੋਹਣ ਸਿੰਘ ਸ਼ੰਕਰ, ਆਦਿ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਾਨਾਂ ਨੂੰ ਜੀ ਆਇਆਂ ਆਖਿਆ। ਇਸ ਫੈਸਟੀਵਲ ਦੇ ਅਗਲੇ ਗੇੜ ਦੇ ਮੁਕਾਬਲੇ 26 ਮਈ ਸ਼ਨਿਚਰਵਾਰ ਨੂੰ ਪਟਿਆਲਾ ਬਨਾਮ ਸੁਨਾਮ, ਜਰਖੜ ਬਨਾਮ ਮੋਗਾ, ਅਕਾਲਗੜ੍ਹ ਬਨਾਮ ਰਾਮਪੁਰ ਵਿਚਕਾਰ ਸ਼ਾਮ 6 ਵਜੇ ਤੋਂ 9 ਵਜੇ ਤੱਕ ਖੇਡੇ ਜਾਣਗੇ।