ਜਰਖੜ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਜਗਰੂਪ ਸਿੰਘ ਜਰਖੜ ਅਤੇ ਹੋਰ ਪ੍ਰਬੰਧਕ।
ਲੁਧਿਆਣਾ 22 ਜਨਵਰੀ 2018: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਦੀਆਂ ਬਹੁ ਚਰਚਿਤ ਮਾਡਰਨ ਪੇਂਡੂ ਮਿਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕੋਕਾ-ਕੋਲਾ ਏਵਨ ਸਾਈਕਲ ਜਰਖੜ ਖੇਡਾਂ 10 ਤੋਂ 12 ਫਰਵਰੀ ਤੱਕ 5 ਕਰੋੜ ਦੀ ਲਾਗਤ ਨਾਲ ਬਣੇ ਅਤਿ ਸੁੰਦਰ ਜਰਖੜ ਖੇਡ ਸਟੇਡੀਅਮ ਵਿਖੇ ਹੋਣਗੀਆਂ। ਅੱਜ ਮੁੱਖ ਸੇਵਾਦਾਰ ਬਾਈ ਸੁਰਜੀਤ ਸਿੰਘ ਸਾਹਨੇਵਾਲ ਅਤੇ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਗੁਰਦੁਆਰਾ ਮੰਜੀ ਸਾਹਿਬ ਜਰਖੜ ਵਿਖੇ ਅਰਦਾਸ ਕਰਨ ਉਪਰੰਤ ਜਰਖੜ ਖੇਡਾਂ ਦਾ ਐਲਾਨ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਰ੍ਹੇ ਇਹਨਾਂ ਖੇਡਾਂ ਵਿੱਚ ਹਾਕੀ (ਮੁੰਡੇ ਤੇ ਕੁੜੀਆਂ) ਕਬੱਡੀ ਇੱਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰਲੇ) , ਕਬੱਡੀ 70 ਕਿੱਲੋ, ਵਾਲੀਬਾਲ (ਸ਼ੂਟਿੰਗ), ਬਾਸਕਟਬਾਲ (ਲੜਕੀਆਂ) ਸਾਈਕਲਿੰਗ ਆਦਿ ਖੇਡਾਂ ਦੇ ਮੁਕਾਬਲੇ ਹੋਣਗੇ। ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ 10 ਫਰਵਰੀ ਨੂੰ ਖੇਡਾਂ ਦਾ ਲਾਜਵਾਬ ਉਦਘਾਟਨੀ ਸਮਾਰੋਹ ਹੋਣ ਉਪਰੰਤ 12 ਫਰਵਰੀ ਨੂੰ ਫਾਈਨਲ ਸਮਾਰੋਹ ’ਤੇ ਉੱਘੇ ਲੋਕ ਗਾਇਕ ਰਣਜੀਤ ਬਾਵਾ ਤੇ ਮਨਮੋਹਣ ਵਾਰਿਸ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਮਾਤਾ ਸਾਹਿਬ ਕੌਰ ਗੋਲਡ ਕੱਪ ਹਾਕੀ ਲਈ 8 ਟੀਮਾਂ ਜਦਕਿ ਮਹਿਲਾ ਹਾਕੀ ਅਤੇ ਜੂਨੀਅਰ ਮੁਕਾਬਲੇ ਲਈ ਇੰਦਰਪ੍ਰਤਾਪ ਸਿੰਘ ਗਰੇਵਾਲ ਦੇ ਨਾਮ ’ਤੇ ਹੋਣਗੇ। ਉਹਨਾਂ ਦੱਸਿਆ ਕਿ ਹਾਕੀ ਦੇ ਸਾਰੇ ਇਨਾਮ ਮਹਿੰਦਰਪ੍ਰਤਾਪ ਗਰੇਵਾਲ ਟਰੱਸਟ ਵੱਲੋਂ ਅਤੇ ਕਬੱਡੀ ਦੇ ਇਨਾਮ ਅਮੋਲਕ ਸਿੰਘ ਗਾਖਲ ਬ੍ਰਦਰਜ਼ ਅਤੇ ਗੋਲਡ ਜਿਮ ਵੱਲੋਂ ਦਿੱਤੇ ਜਾਣਗੇ। ਵਾਲੀਬਾਲ ਦੀਆਂ ਪਹਿਲੀਆਂ ਚਾਰ ਟੀਮਾਂ ਨੂੰ ਏਵਨ ਸਾਈਕਲਾਂ ਨਾਲ ਸਨਮਾਨਿਆ ਜਾਵੇਗਾ। ਇਸਤੋਂ ਇਲਾਵਾ ਦੂਸਰੇ ਜੇਤੂਆਂ ਨੂੰ ਵੀ ਏਵਨ ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ। ਖੇਡਾਂ ਦੇ ਫਾਈਨਲ ਸਮਾਰੋਹ ’ਤ ਲੋਕ ਗਾਇਕ ਕਮਲ ਹੀਰ, ਫਿਲਮ ਕਲਾਕਾਰ ਹੌਬੀ ਧਾਲੀਵਾਲ, ਬੀਨੂੰ ਢਿੱਲੋਂ, ਹਾਕੀ ਸਟਾਰ ਓਲੰਪੀਅਨ ਅਕਾਸ਼ਦੀਪ ਸਿੰਘ ਸਮੇਤ ਵਿਸ਼ੇਸ਼ ਸਖਸ਼ੀਅਤਾਂ ਦਾ ਵੱਖ-ਵੱਖ ਅਵਾਰਡਾਂ ਨਾਲ ਸਨਮਾਨ ਕੀਤਾ ਜਾਵੇਗਾ। ਹਲਕਾ ਗਿੱਲ ਦੇ ਵਿਧਾਇਕ ਨੇ ਜਰਖੜ ਖੇਡਾਂ ਦੇ ਪ੍ਰਬੰਧਕਾਂ ਨੂੰ ਪੰਜਾਬ ਸਰਕਾਰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਖੇਡਾਂ ਦਾ ਉਦਘਾਟਨ ਰਵਨੀਤ ਸਿੰਘ ਬਿੱਟੂ, ਮੈਂਬਰ ਲੋਕ ਸਭਾ ਕਰਨਗੇ, ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਵਿਧਾਇਕ ਕੁਲਦੀਪ ਸਿੰਘ ਵੈਦ ਕਰਨਗੇ। ਅੱਜ ਦੀ ਮੀਟਿੰਗ ਦੌਰਾਨ ਪ੍ਰੋਫੈਸਰ ਰਜਿੰਦਰ ਸਿੰਘ, ਜਗਰੂਪ ਸਿੰਘ ਜਰਖੜ, ਅਸ਼ੋਕ ਕੁਮਾਰ ਪ੍ਰਾਸ਼ਰ (ਪੱਪੀ ਸ਼ਾਹਪੁਰੀਆ) ਚੇਅਰਮੈਨ ਜਰਖੜ ਅਕਾਦਮੀ, ਪਰਮਜੀਤ ਸਿੰਘ ਨੀਟੂ, ਰਣਜੀਤ ਸਿੰਘ ਦੁਲੇਅ, ਐਡਵੋਕੇਟ ਰੌਬਿਨ ਸਿੱਧੁ, ਗੁਰਪ੍ਰੀਤ ਸਿੰਘ ਬੇਰ ਕਲਾਂ, ਸੁਰਿੰਦਰ ਸਿੰਘ ਖੰਨਾ, ਅਜੀਤ ਸਿੰਘ ਲਾਦੀਆਂ, ਡਾ. ਜਗਜੀਤ ਸਿੰਘ ਜਾਖੜ, ਸੰਦੀਪ ਸਿੰਘ ਜਰਖੜ, ਯਾਦਵਿੰਦਰ ਸਿੰਘ ਤੂਰ, ਸ਼ਿਗਾਰਾ ਸਿੰਘ ਜਰਖੜ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਚੈਰੀ ਗਰੇਵਾਲ ਆਸਟ੍ਰੇਲੀਆ, ਮਨਦੀਪ ਸਿੰਘ ਜਰਖੜ ਆਦਿ ਪ੍ਰਬੰਧਕ ਹਾਜ਼ਰ ਸਨ।