ਜਗਦੀਸ਼ ਥਿੰਦ
ਫਾਜ਼ਿਲਕਾ 16 ਜਨਵਰੀ 2018 :
ਪੰਜਾਬ ਖੇਡ ਵਿਭਾਗ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇਸ ਸਾਲ ਦੇ ਸੈਸ਼ਨ ਦੌਰਾਨ ਹੋਣਹਾਰ ਵਿਦਿਆਰਥੀਆਂ ਵਾਸਤੇ ਸਪੋਰਟਸ ਵਿੰਗ ਸਕੂਲਾਂ ਵਿਖੇ ਦਾਖਲਾ ਹਾਸਲ ਕਰਨ ਲਈ ਜਲਾਲਾਬਾਦ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ 29 ਤੇ 30 ਜਨਵਰੀ 2018 ਨੂੰ ਖੇਡਾਂ ਦੇ ਚੋਣ ਟਰਾਈਲ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ. ਬਲਵੰਤ ਸਿੰਘ ਨੇ ਦੱਸਿਆ ਕਿ ਸਪੋਰਟਸ ਵਿੰਗ ਸਕੂਲਾਂ ਲਈ 29 ਜਨਵਰੀ (ਲੜਕੇ) ਤੇ 30 ਜਨਵਰੀ (ਲੜਕੀਆਂ) ਨੂੰ ਖਿਡਾਰੀ ਕੁਸ਼ਤੀ, ਕਬੱਡੀ, ਹੈਂਡਬਾਲ, ਆਰਚਰੀ ਤੇ ਬੈਡਮਿੰਟਨ ਆਦਿ ਖੇਡਾਂ ਦੇ ਟਰਾਈਲ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਦਾਖਲਾ ਲੈਣ ਵਾਲੇ ਖਿਡਾਰੀਆਂ ਦਾ ਜਨਮ ਅੰਡਰ 14 ਲਈ 1 ਜਨਵਰੀ 2005, ਅੰਡਰ 17 ਲਈ 1 ਜਨਵਰੀ 2002 ਤੇ ਅੰਡਰ 19 ਲਈ 1 ਜਨਵਰੀ 2000 ਦਾ ਲਾਜਮੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਾਖਲਾ ਲੈਣ ਵਾਲੇ ਖਿਡਾਰੀ ਫਿਜ਼ੀਕਲੀ ਤੇ ਮੈਡੀਕਲੀ ਫਿੱਟ ਹੋਣਾ ਜ਼ਰੂਰੀ ਹੈ। ਉਨ੍ਹਾਂ ਹੋਰ ਕਿਹਾ ਕਿ ਖਿਡਾਰੀਆਂ ਵੱਲੋਂ ਬੀਤੇ ਸਮੇਂ ਦੌਰਾਨ ਕਰਵਾਏ ਗਏ ਜ਼ਿਲ੍ਹਾ ਪੱਧਰ ਮੁਕਾਬਲਿਆਂ ਵਿੱਚ ਪਹਿਲੇ ਤਿੰਨ ਸਥਾਨਾ ਵਿੱਚੋਂ ਕੋਈ ਇਕ ਸਥਾਨ ਹਾਸਲ ਕੀਤਾ ਹੋਵੇ ਜਾਂ ਉਸ ਵੱਲੋਂ ਰਾਜ ਪੱਧਰ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਹੋਵੇ।
ਜ਼ਿਲ੍ਹਾ ਖੇਡ ਅਫਸਰ ਨੇ ਅੱਗੇ ਕਿਹਾ ਕਿ ਦਾਖਲਾ ਲੈਣ ਦੇ ਚਾਹਵਾਨ ਖਿਡਾਰੀ ਫਾਜ਼ਿਲਕਾ ਜ਼ਿਲ੍ਹੇ ਦਾ ਵਸਨੀਕ ਹੋਣਾ ਲਾਜ਼ਮੀ ਹੋਵੇ। ਉਨ੍ਹਾਂ ਦੱਸਿਆ ਕਿ ਚੁਣੇ ਗਏ ਰੈਜੀਡੈਂਸਲ ਖਿਡਾਰੀਆਂ ਨੂੰ 200 ਰੁਪਏ ਤੇ ਡੇ-ਸਕਾਲਰ ਖਿਡਾਰੀਆਂ ਨੂੰ 100 ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਨਾਲ ਰਿਫਰੈਸ਼ਮੈਂਟ, ਖੇਡ ਸਮਾਨ ਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਯੋਗ ਖਿਡਾਰੀ ਟਰਾਇਲ ਸਥਾਨ 'ਤੇ ਤੈਅ ਮਿਤੀ ਨੂੰ ਸਵੇਰੇ 8 ਵਜੇ ਜ਼ਿਲ੍ਹਾ ਖੇਡ ਅਫਸਰ ਨਾਲ ਸੰਪਰਕ ਕਰਕੇ ਮੁਫਤ ਦਾਖਲਾ ਫਾਰਮ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ ਸਰਟੀਫਿਕੇਟ, ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਤੇ ਕਾਪੀਆਂ, ਦੋ ਪਾਸਪੋਰਟ ਸਾਈਜ਼ ਫੋਟੋ ਲੈ ਕੇ ਨਿਰਧਾਰਤ ਮਿਤੀ ਨੂੰ ਹਾਜ਼ਰੀ ਯਕੀਨੀ ਬਣਾਉਣ।