ਏਨੇ ਵੱਡੇ ਮੁਕਾਬਲੇ ਦੀ ਮੇਜ਼ਬਾਨੀ ਕਰਨ ਦੀ ਜ਼ਿੰਮੇਦਾਰੀ ਮਾਣ ਵਾਲੀ ਗੱਲ ਹੈ : ਅਨਿਲ ਚੋਪੜਾ
ਜਲੰਧਰ/ਕਪੂਰਥਲਾ, 13 ਅਕਤੂਬਰ, 2017 : ਚੈੱਸ ਅਰਥਾਤ ਸ਼ਤਰੰਜ ਸਿਰਫ ਖੇਡ ਨਹੀਂ ਬਲਕਿ ਇਸ ਵਿਚ ਸਿੱਖਿਆ ਦੇ ਉਹ ਪੜਾਉ ਵੀ ਸ਼ਾਮਲ ਹਨ ਜਿਨ੍ਹਾਂ ਤੋਂ ਵਿਦਿਆਰਥੀ ਬਾਰ-ਬਾਰ ਗੁਜ਼ਰਦੇ ਹਨ, ਜਿਵੇਂ ਪ੍ਰੀਖਿਆ, ਉਡੀਕ ਅਤੇ ਨਤੀਜੇ। ਇਨ੍ਹਾਂ ਤਿੰਨਾਂ ਸ਼ਬਦਾਂ ਦਾ ਸੁਮੇਲ ਚੈੱਸ ਹੈ, ਜੋ ਕਿ ਵਿਦਿਆਰਥੀਆਂ ਨੂੰ ਸਾਰੀ ਜ਼ਿੰਦਗੀ ਆਪਣੇ ਨਾਲ ਜੋੜੀ ਰੱਖਦਾ ਹੈ। ਇਹ ਵਿਚਾਰ ਆਈ.ਜੀ.ਪੀ. (ਜ਼ੋਨਲ) ਆਈ.ਪੀ.ਐਸ. ਅਧਿਕਾਰੀ ਅਰਪਿਤ ਸ਼ੁਕਲਾ ਦੇ ਹਨ। ਉਹ ਸ਼ੁਕਰਵਾਰ ਨੂੰ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਉਤਰੀ ਜ਼ੋਨ ਅੰਤਰ ਵਰਸਿਟੀ ਚੈੱਸ ਮੁਕਾਬਲਿਆਂ ਦਾ ਸੇਂਟ ਸੋਲਜ਼ਰ ਗਰੁੱਪ ਆਫ ਇੰਸਟੀਟਿਊਸ਼ਨ ਵਿਚ ਉਦਘਾਟਨ ਕਰਦਿਆਂ ਮੁੱਖ ਮਹਿਮਾਨ ਆਈ.ਜੀ.ਪੀ. ਅਰਪਿਤ ਸ਼ੁਕਲਾ ਨੇ ਕਹੇ।
ਉਨ੍ਹਾਂ ਕਿਹਾ ਕਿ ਹਰ ਚੰਗਾ ਪਹਿਲੂ ਆਪਣੇ ਨਾਲ ਨਕਾਰਾਤਮਕ ਪਹਿਲੂ ਵੀ ਰੱਖਦਾ ਹੈ। ਦੇਸ਼ ਨੇ ਸੂਚਨਾ ਤਕਨਾਲੋਜੀ ਦੇ ਖੇਤਰ ਵਿਚ ਤਰੱਕੀ ਕੀਤੀ, ਇਹ ਚੰਗੀ ਗੱਲ ਹੈ ਪਰ ਇਲਾਕਟ੍ਰਾਨਿਕ ਉਪਕਰਣਾਂ ਵਿਚ ਉਲਝੀ ਯੁਵਾ ਪੀੜ੍ਹੀ ਖੇਡਾਂ ਤੋਂ ਦੂਰ ਹੋ ਗਈ ਹੈ। ਇਸ ਲਈ ਜ਼ਰੂਰੀ ਹੈ ਕਿ ਯੁਵਾ ਪੀੜ੍ਹੀ ਸਿੱਖਿਆ ਦੇ ਨਾਲ-ਨਾਲ ਇਨਡੋਰ ਜਾਂ ਆਊਟਡੋਰ ਖੇਡਾਂ ਵਿਚ ਸ਼ਾਮਲ ਹੋਵੇ।
ਇਸ ਮੌਕੇ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਸੁਖਬੀਰ ਸਿੰਘ ਵਾਲੀਆ ਨੇ ਕਿਹਾ ਕਿ ਦੇਸ਼ ਵਿਚ ਬਿਹਤਰ ਮਹੌਲ ਬਣਾਉਣ ਲਈ ਟੀਮ ਭਾਵਨਾ ਨਾਲ ਕੰਮ ਕਰਕੇ ਖੇਡਾਂ ਹੀ ਇਕੋ-ਇਕ ਕਾਰਗਰ ਸਾਧਨ ਹਨ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਦੇ ਕਾਲਜ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਉਤਸ਼ਾਹਿਤ ਕਰ ਰਹੇ ਹਨ।
ਇਸ ਮੌਕੇ ਸੇਂਟ ਸੋਲਜ਼ਰ ਗਰੁੱਪ ਦੇ ਚੇਅਰਮੈਨ ਡਾ. ਅਨਿਲ ਚੋਪੜਾ ਨੇ ਕਿਹਾ ਕਿ ਉਨ੍ਹਾਂ ਦੇ ਕਾਲਜ ਵਿਚ ਅਜਿਹੇ ਮੁਕਾਬਲਿਆਂ ਦੀ ਮੇਜ਼ਬਾਨੀ ਮਾਣ ਵਾਲੀ ਗੱਲ ਹੈ। ਉਪ ਚੇਅਰਪਰਸਨ ਸੰਗੀਤਾ ਚੋਪੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਦੋਂ ਕਿ ਐਮ.ਡੀ. ਮਨਹਰ ਅਰੋੜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਜ਼ਿਕਰਯੋਗ ਹੈ ਕਿ ਭਾਰਤੀ ਯੂਨੀਵਰਸਿਟੀ ਸੰਘ ਵੱਲੋਂ ਇਸ ਵਾਰ ਆਈ.ਕੇ.ਜੀ.ਪੀ.ਟੀ.ਯੂ. ਨੂੰ ਉਤਰੀ ਜ਼ੋਨ ਅੰਤਰ ਵਰਸਿਟੀ ਚੈੱਸ ਮੁਕਾਬਲੇ ਕਰਵਾਉਣ ਲਈ ਚੁਣਿਆ ਗਿਆ ਹੈ। ਇਨ੍ਹਾਂ ਮੁਕਾਬਲਿਆਂ ਵਿਚ 35 ਯੂਨੀਵਰਸਿਟੀਆਂ ਤੋਂ ਕੁੱਲ 58 ਮਹਿਲਾ ਤੇ ਪੁਰਸ਼ ਟੀਮਾਂ ਭਾਗ ਲੈ ਰਹੀਆਂ ਹਨ। ਇਹ ਮੁਕਾਬਲੇ 17 ਅਕਤੂਬਰ ਤੱਕ ਚੱਲਣਗੇ।
ਇਸ ਮੌਕੇ ਉਪਰੋਕਤ ਅਧਿਕਾਰੀਆਂ ਤੋਂ ਇਲਾਵਾ ਯੂਨੀਵਰਸਿਟੀ ਦੇ ਖੇਡ ਕੋਆਰਡੀਨੇਟਰ ਵਿਨੈ ਕਹਿਰ ਅਤੇ ਲੋਕ ਸੰਪਰਕ ਅਧਿਕਾਰੀ ਰਜਨੀਸ਼ ਸ਼ਰਮਾ, ਸੇਂਟ ਸੋਲਜਰ ਗਰੁੱਪ ਤੋਂ ਡਾ.ਗੁਰਪ੍ਰੀਤ ਸਿੰਘ ਸੈਣੀ, ਡਾ.ਐਸ.ਪੀ.ਐਸ ਮਟਿਆਣਾ,ਡਾ.ਸੁਭਾਸ਼ ਸ਼ਰਮਾ, ਡਾ.ਅਮਰਪਾਲ ਸਿੰਘ, ਡਾ.ਆਰ.ਕੇ ਪੁਸ਼ਕਰਣਾ, ਡਾ.ਅਲਕਾ ਗੁਪਤਾ, ਸ਼੍ਰੀਮਤੀ ਵੀਨਾ ਦਾਦਾ ਵੀ ਸ਼ਾਮਲ ਸਨ।