ਫ਼ਿਰੋਜ਼ਪੁਰ 19 ਸਤੰਬਰ 2017: (ਗੁਰਿੰਦਰ ਸਿੰਘ ) ਜ਼ਿਲ੍ਹਾ ਹੈਂਡਬਾਲ ਐਸੋਸੀਏਸ਼ਨ ਵੱਲੋਂ ਜੂਨੀਅਰ ਸਟੇਟ ਹੈਂਡਬਾਲ ਚੈਂਪੀਅਨਸ਼ਿਪ 30 ਸਤੰਬਰ ਤੋਂ 02 ਅਕਤੂਬਰ 2017 ਤੱਕ ਗੁਰੂ ਰਾਮਦਾਸ ਪਬਲਿਕ ਸਕੂਲ ਪਿੰਡ ਸ਼ਾਹਦੀਨ ਵਾਲਾ ਫ਼ਿਰੋਜ਼ਪੁਰ ਵਿਖੇ ਆਯੋਜਿਤ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨਰਲ) ਨੇ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ। ਇਸ ਮੌਕੇ ਜ਼ਿਲ੍ਹਾ ਹੈਂਡ ਬਾਲ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਸ. ਬਲਵੰਤ ਸਿੰਘ ਵੀ ਹਾਜ਼ਰ ਸਨ।
ਸ਼੍ਰ: ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸਟੇਟ ਲੈਵਲ ਜੂਨੀਅਰ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਪੂਰੇ ਪੰਜਾਬ ਦੇ ਕਰੀਬ 800 ਖਿਡਾਰੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਚੈਂਪੀਅਨਸ਼ਿਪ ਵਿੱਚ ਸਿਹਤ ਵਿਭਾਗ ਦੀਆਂ ਡਾਕਟਰੀ ਟੀਮਾਂ ਵੱਲੋਂ ਖਿਡਾਰੀਆਂ ਨੂੰ ਡਾਕਟਰੀ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਪੀਣ ਵਾਲਾ ਸਾਫ਼ ਸੁਥਰਾ ਪਾਣੀ ਅਤੇ ਛਿੜਕਾਅ ਦਾ ਪ੍ਰਬੰਧ ਪੰਜਾਬ ਮੰਡੀ ਬੋਰਡ ਫ਼ਿਰੋਜ਼ਪੁਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਮਾਤਾ ਪਿਤਾ, ਦੇਸ਼ ਅਤੇ ਸਮਾਜ ਦਾ ਨਾਮ ਰੌਸ਼ਨ ਹੁੰਦਾ ਹੈ ਅਤੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬੱਚੇ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਰਹਿੰਦੇ ਹਨ ਅਤੇ ਸਮਾਜਿਕ ਕੁਰੀਤੀਆਂ ਤੋਂ ਵੀ ਦੂਰ ਰਹਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਜੇਤੂ ਖਿਡਾਰੀਆਂ ਨੂੰ ਦਿਲ-ਖਿਚਵੇਂ ਇਨਾਮ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਇਸ ਮੌਕੇ ਡਾ. ਸੰਜੀਵ ਗੁਪਤਾ ਸਹਾਇਕ ਸਿਵਲ ਸਰਜਨ, ਗਗਨ ਮਾਟਾ ਤੈਰਾਕੀ ਕੋਚ, ਗੁਰਜੀਤ ਸਿੰਘ ਹੈਂਡਬਾਲ ਕੋਚ, ਇੰਸਪੈਕਟਰ ਪੰਜਾਬ ਪੁਲਿਸ ਨਵੀਨ ਕੁਮਾਰ, ਵਿਕਾਸ ਕਾਲੜਾ, ਡੀ.ਐਸ. ਭੁੱਲਰ, ਇੰਦਰਪਾਲ ਸਿੰਘ ਗੁਰੂ ਰਾਮਦਾਸ ਪਬਲਿਕ ਸਕੂਲ ਆਦਿ ਵੀ ਹਾਜ਼ਰ ਸਨ।