ਲੰਦਨ, 7 ਅਗਸਤ, 2017 :ਕ੍ਰਿਕੇਟ ਦੇ ਇਤਹਾਸ ਦੇ ਸਭ ਤੋਂ ਵੱਡੇ ਬੱਲੇਬਾਜ਼ ਮੰਨੇ ਜਾਣ ਵਾਲੇ ਡਾਨ ਬਰੈਡਮੈਨ ਆਪਣੇ ਕਰੀਅਰ ਦੇ ਆਖਰੀ ਮੈਚ ਨੂੰ ਯਾਦਗਾਰ ਨਹੀਂ ਬਣਾ ਸਕੇ ਸਨ। ਬਰੈਡਮੈਨ ਕੋਲ ਕੁੱਝ ਦੌੜਾਂ ਬਣਾ ਕੇ 100 ਦੌੜਾਂ ਨਾਲ ਬੱਲੇਬਾਜੀ ਦੀ ਔਸਤ ਹਾਸਲ ਕਰਨ ਦਾ ਮੌਕਾ ਸੀ ਪਰ ਉਹ ਬਿਨਾ ਕੋਈ ਰਨ ਬਣਾਏ ਦੇ ਹੀ ਆਊਟ ਹੋ ਕੇ ਅਜਿਹਾ ਕਰਨੋਂ ਖੁੰਝ ਗਏ।
ਅਜਿਹਾ ਹੀ ਕੁੱਝ ਹੋਇਆ ਯੂਸ਼ੇਨ ਬੋਲਟ ਨਾਲ, ਜਿਸ ਨੇ ਇਹ ਸਾਬਤ ਕਰ ਦਿੱਤਾ ਕਿ ਵਿੱਚ ਖਿਡਾਰੀ ਖੇਡ ਤੋਂ ਵੱਡਾ ਨਹੀਂ ਹੋ ਸਕਦਾ। ਵਰਲਡ ਚੈਂਪੀਅਨਸ਼ਿਪ ਵਿੱਚ ਆਪਣੇ ਕਰੀਅਰ ਦੀ ਆਖਰੀ ਦੌੜ ਲਗਾ ਰਹੇ ਬੋਲਟ ਦੀ ਵਿਦਾਈ ਸੁਨਹਿਰੀ ਨਾ ਹੋ ਸਕੀ।
ਬੋਲਟ ਆਪਣੀ ਜ਼ਿੰਦਗੀ ਦੀ ਆਖਰੀ ਦੌੜ ਹਾਰ ਗਏ। 100 ਮੀਟਰ ਦੀ ਦੌੜ ਵਿੱਚ ਬੋਲਟ ਤੀਸਰੇ ਸਥਾਨ ‘ਤੇ ਰਹੇ। ਅਮਰੀਕਾ ਦੇ ਜਸਟਿਨ ਗੈਟਲਿਨ 100 ਮੀਟਰ ਦੀ ਰੇਸ ਜਿੱਤ ਕੇ ਚੈਂਪੀਅਨ ਬਣ ਗਏ ਹਨ। ਇਸ ਦੇ ਨਾਲ ਹੀ ਬੋਲਟ ਦਾ ਟਰੈਕ ‘ਤੇ ਸੁਨਹਿਰੀ ਸਮਾਂ ਵੀ ਸਮਾਪਤ ਹੋ ਗਿਆ।
ਬੋਲਟ ਨੇ 9.95 ਸੈਕੰਡ ਵਿੱਚ 100 ਮੀਟਰ ਕੀਤੀ ਦੂਰੀ ਤੈਅ ਕੀਤੀ, ਜਦਕਿ ਜੇਤੂ ਰਹੇ 35 ਸਾਲਾ ਜਸਟਿਨ ਗੈਟਲਿਨ ਨੇ 9.92 ਸੈਕੰਡ ਨਾਲ ਸੋਨ ਤਗ਼ਮਾ ਜਿੱਤ ਲਿਆ। ਦੌੜ ਵਿੱਚ ਦੂਜੇ ਸਥਾਨ ‘ਤੇ ਰਹੇ ਕ੍ਰਿਸਟਿਅਨ ਕੋਲਮੈਨ ਨੇ 9.94 ਸੈਕੰਡ ਵਿੱਚ ਰੇਸ ਪੂਰੀ ਕਰ ਚਾਂਦੀ ਦੀ ਤਗ਼ਮਾ ਆਪਣੇ ਨਾਂ ਕੀਤਾ।
ਹਾਲਾਂਕਿ ਜਿੱਤ ਤੋਂ ਬਾਅਦ ਫੈਨਜ਼ ਨੇ ਬੋਲਟ ਲਈ ਹਮਦਰਦੀ ਵਿਖਾਈ ਅਤੇ ਵਿਸ਼ਵ ਚੈਂਪੀਅਨ ਬਣੇ ਜਸਟਿਨ ਗੈਟਲਿਨ ਖਿਲਾਫ਼ ਦਰਸ਼ਕਾਂ ਨੇ ਰੌਲਾ ਵੀ ਮਚਾਇਆ। ਦੱਸਣਾ ਬਣਦਾ ਹੈ ਕਿ 2006 ਤੋਂ 2010 ਤੱਕ ਗੈਟਲਿਨ ‘ਤੇ ਡ੍ਰਗਸ ਦੀ ਵਜ੍ਹਾ ਨਾਲ ਰੋਕ ਲੱਗੀ ਹੋਈ ਸੀ ਅਤੇ ਪਿਛਲੀਆਂ ਦੋ ਚੈਂਪੀਅਨਸ਼ਿਪਸ ਵਿੱਚ ਬੋਲਟ ਨੇ ਹੀ ਗੈਟਲਿਨ ਨੂੰ ਹਰਾਇਆ ਸੀ।
ਫਰਾਟਾ ਦੌੜਾਕ ਬੋਲਟ ਨੇ ਆਪਣੇ ਕਰੀਅਰ ਵਿੱਚ 11 ਵਿਸ਼ਵ ਅਤੇ 8 ਓਲੰਪਿਕ ਤਗ਼ਮੇ ਜਿੱਤੇ। ਇਸ ਤੋਂ ਇਲਾਵਾ 9.58 ਸੈਕੰਡ ਵਿੱਚ 100 ਮੀਟਰ ਅਤੇ 19.19 ਸੈਕੰਡ ਵਿੱਚ 200 ਮੀਟਰ ਦੌੜ ਪੂਰੀ ਕਰਨ ਦਾ ਵਿਸ਼ਵ ਰਿਕਾਰਡ ਵੀ ਉਨ੍ਹਾਂ ਦੇ ਨਾਂ ‘ਤੇ ਹੀ ਹੈ। ਇਸ ਤੋਂ ਇਲਾਵਾ ਬੋਲਟ ਦੇ ਨਾਂ ਚਾਰ ਗੁਣਾ 100 ਮੀਟਰ ਦਾ ਵੀ ਵਿਸ਼ਵ ਰਿਕਾਰਡ ਵੀ ਦਰਜ ਹੈ।
ਬੋਲਟ ਨੇ ਬੀਜਿੰਗ (2008), ਲੰਦਨ (2012) ਅਤੇ ਰਿਓ (2016) ਓਲੰਪਿਕ ਖੇਡਾਂ ਵਿੱਚ 100, 200 ਅਤੇ ਚਾਰ ਗੁਣਾ 100 ਮੀਟਰ ਰਿਲੇਅ ਦੌੜਾਂ ਵਿੱਚ ਸੋਨੇ ਦੇ ਤਗ਼ਮੇ ਜਿੱਤੇ ਸਨ।