ਰਾਜ ਪੱਧਰੀ ਚੈਪੀਅਨਸ਼ਿਪ ਵਿੱਚੋਂ ਤਗਮਾ ਜੇਤੂ ਤੈਰਾਕਾਂ ਨੂੰ ਸਨਮਾਨਿਤ ਕਰਦੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਢੀਂਡਸਾ, ਜ਼ਿਲ੍ਹਾ ਖੇਡ ਅਫਸਰ ਫ਼ਿਰੋਜ਼ਪੁਰ ਬਲਵੰਤ ਸਿੰਘ, ਤਰਲੋਚਨ ਸਿੰਘ ਭੁੱਲਰ, ਗਗਨ ਮਾਟਾ ਤੇ ਹੋਰ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 17 ਜੂਨ, 2017 : ਬੀਤੇ ਦਿਨ ਮੋਹਾਲੀ ਵਿਖੇ ਸੰਪੰਨ ਹੋਈ 42ਵੀਂ ਜੂਨੀਅਰ ਪੰਜਾਬ ਰਾਜ ਸਵੀਮਿੰਗ ਚੈਪੀਅਨਸ਼ਿਪ ਵਿੱਚੋਂ ਫ਼ਿਰੋਜ਼ਪੁਰ ਦੇ ਤੈਰਾਕਾਂ ਨੇ ਗਰੁੱਪ 9 ਅਤੇ 99 ਵਿੱਚ ਵੱਡੀਆਂ ਮੱਲਾਂ ਮਾਰਦਿਆਂ 3 ਸੋਨੇ, 8 ਚਾਂਦੀ ਅਤੇ 27 ਕਾਂਸੀ ਦੇ ਤਗਮੇ ਜਿੱਤ ਕੇ ਇਲਾਕੇ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।
ਰਾਜ ਪੱਧਰੀ ਚੈਪੀਅਨਸ਼ਿਪ ਵਿੱਚੋਂ ਤਗਮਾ ਜੇਤੂ ਤੈਰਾਕਾਂ ਦੀ ਹੌਸਲਾ ਅਫਜ਼ਾਈ ਲਈ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਅਤੇ ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪ੍ਰਸ਼ੀਦ ਕੰਪਲੈਕਸ ਸਥਿਤ ਸਵੀਮਿੰਗ ਪੂਲ ਪਹੁੰਚੇ। ਉਨ੍ਹਾਂ ਜੇਤੂ ਤੈਰਾਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਤੈਰਾਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਤੈਰਾਕ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਤਗਮੇ ਜਿੱਤ ਕੇ ਆਪਣਾ, ਆਪਣੇ ਮਾਤਾ ਪਿਤਾ ਅਤੇ ਇਲਾਕੇ ਦਾ ਨਾਂ ਰੌਸ਼ਨ ਕਰਨਗੇ। ਸ਼੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ। ਰਾਜ ਪੱਧਰ 'ਤੇ ਤਗਮੇ ਜੇਤੂ ਤੈਰਾਕਾਂ ਪਾਸੋਂ ਸਵੀਮਿੰਗ ਪੂਲ 'ਤੇ ਵਸੂਲੀ ਜਾਂਦੀ ਦਾਖਲਾ ਫੀਸ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਲਦ ਹੀ ਜ਼ਿਲ੍ਹਾ ਪ੍ਰਸਾਸ਼ਨ ਨਾਲ ਗੱਲ ਕਰਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ ਤਾਂ ਜੋ ਰਾਜ ਤੇ ਕੌਮੀ ਪੱਧਰ ਦੇ ਤੈਰਾਕਾਂ ਪਾਸੋਂ ਦਾਖਲਾ ਫੀਸ ਨਾ ਵਸੂਲੀ ਜਾ ਸਕੇ ਅਤੇ ਖਿਡਾਰੀ ਸਿਰਫ ਆਪਣੇ ਅਭਿਆਸ 'ਤੇ ਧਿਆਨ ਕੇਂਦਰਿਤ ਕਰ ਸਕਣ ਅਤੇ ਹੋਰ ਮਿਹਨਤ ਕਰਕੇ ਆਪਣਾ ਤੇ ਆਪਣੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰ ਸਕਣ।
ਜ਼ਿਲ੍ਹਾ ਸਵੀਮਿੰਗ ਐਸੋਸੀਏਸ਼ਨ ਦੇ ਸਕੱਤਰ ਤਰਲੋਚਨ ਸਿੰਘ ਭੁੱਲਰ ਅਤੇ ਤੈਰਾਕੀ ਕੋਚ ਗਗਟ ਮਾਟਾ ਨੇ ਦੱਸਿਆ ਕਿ ਮੋਹਾਲੀ ਵਿਖੇ ਹੋਈ 42ਵੀਂ ਜੂਨੀਅਰ ਪੰਜਾਬ ਰਾਜ ਸਵੀਮਿੰਗ ਚੈਪੀਅਨਸ਼ਿਪ (ਲੜਕੇ ਤੇ ਲੜਕੀਆਂ) ਦੇ ਗਰੁੱਪ 9 (ਲੜਕੀਆਂ) ਵਿੱਚੋਂ ਫ਼ਿਰੋਜ਼ਪੁਰ ਦੀ ਨੰਦਿਨੀ ਦੇਵੜਾ ਨੇ 2 ਸੋਨੇ, ਇੱਕ ਚਾਂਦੀ ਤੇ 2 ਕਾਂਸੀ ਤਗਮੇ, ਸੁਦ੍ਰਿਸ਼ਟੀ ਨੇ ਇੱਕ ਸੋਨੇ, 2 ਚਾਂਦੀ ਤੇ ਇੱਕ ਕਾਂਸੀ ਦਾ ਤਗਮਾ ਅਤੇ ਨਵਰਾਜਦੀਪ ਕੌਰ ਨੇ ਇੱਕ ਚਾਂਦੀ ਦਾ ਤਗਮਾ ਜਿੱਤਿਆ ਜਦ ਕਿ ਲੜਕੀਆਂ ਦੇ ਹੀ ਗਰੁੱਪ 99 ਵਿੱਚੋਂ ਮਾਨਿਆ ਬੱਤਰਾ ਨੇ ਕਾਂਸੀ ਦਾ ਇੱਕ ਤਗਮਾ ਜਿੱਤਿਆ। ਇਸੇ ਤਰ੍ਹਾਂ ਲੜਕਿਆਂ ਦੇ ਗਰੁੱਪ 9 ਵਿੱਚੋ ਗੁਰਸਿਮਰਨਜੀਤ ਸਿੰਘ ਨੇ 3 ਕਾਂਸੀ, ਅਭਿਕਰਨ ਭੁੱਲਰ ਨੇ 2 ਕਾਂਸੀ, ਆਯੂਸ਼ ਨੇ 2 ਕਾਂਸੀ ਅਤੇ ਹਰਪੁਨੀਤ ਸਿੰਘ ਨੇ ਇੱਕ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਦੱਸਿਆ ਕਿ ਲੜਕਿਆਂ ਦੇ ਗਰੁੱਪ 99 ਵਿੱਚੋਂ ਮੋਕਸ਼ ਗੁਪਤਾ ਨੇ 2 ਚਾਂਦੀ ਤੇ 4 ਕਾਂਸੀ, ਰਾਮਾਨੁਜ਼ ਜਿੰਦਲ ਨੇ 2 ਚਾਂਦੀ ਤੇ 4 ਕਾਂਸੀ, ਜਸਕਰਨ ਸਿੰਘ ਨੇ 4 ਕਾਂਸੀ, ਗੁਰਸ਼ਬਦ ਪਾਲ ਸਿੰਘ ਸੋਢੀ ਨੇ 2 ਕਾਂਸੀ ਅਤੇ ਮਨਮੀਤ ਸਿੰਘ ਨੇ ਇੱਕ ਕਾਂਸੀ ਦਾ ਤਗਮਾ ਜਿੱਤਿਆ। ਇਸ ਮੌਕੇ ਤਿਲਕ ਰਾਜ ਆੜਤੀਆ, ਇਕਬਾਲ ਸਿੰਘ ਪਾਲ, ਹਰਪ੍ਰੀਤ ਸਿੰਘ ਭੁੱਲਰ, ਟੋਨੀ ਭੁੱਲਰ, ਸਟੇਟ ਅਵਾਰਡੀ ਗੁਰਿੰਦਰ ਸਿੰਘ, ਡਾ: ਅੰਮ੍ਰਿਤਪਾਲ ਸਿੰਘ ਸੋਢੀ, ਗੁਰਨਾਮ ਸਿੰਘ, ਜਰਨੈਲ ਸਿੰਘ, ਸੰਜੇ ਗੁਪਤਾ, ਤਰਲੋਕ ਜਿੰਦਲ, ਮੈਡਮ ਜਸਬੀਰ ਕੌਰ, ਮੈਡਮ ਨੀਰਜ਼ ਦੇਵੜਾ ਆਦਿ ਖਿਡਾਰੀਆਂ ਦੇ ਮਾਪੇ ਅਤੇ ਖੇਡ ਪ੍ਰੇਮੀ ਹਾਜ਼ਰ ਸਨ।