ਫ਼ਿਰੋਜ਼ਪੁਰ ਸਵੀਮਿੰਗ ਪੂਲ ਵਿੱਚ ਪਈਆਂ ਨਵੀਆਂ ਲੇਨਾ ਅਤੇ ਤੈਰਾਕਾਂ ਨਾਲ ਸਮੂਹਿਕ ਤਸਵੀਰ ਦੌਰਾਨ ਕਾਂਗਰਸੀ ਆਗੂ ਹਰਿੰਦਰ ਸਿੰਘ ਖੋਸਾ, ਡੀ.ਐਸ.ਓ ਬਲਵੰਤ ਸਿੰਘ, ਤਰਲੋਚਨ ਸਿੰਘ ਭੁੱਲਰ, ਗਗਨ ਮਾਟਾ ਤੇ ਹੋਰ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 26 ਮਈ, 2017 : ਫ਼ਿਰੋਜ਼ਪੁਰ ਦੇ ਤੈਰਾਕਾਂ ਦੀ ਚਿਰੋਕਣੀ ਮੰਗ ਨੂੰ ਪੂਰੇ ਕਰਦਿਆਂ ਆਖਰ ਖੇਡ ਵਿਭਾਗ ਵੱਲੋਂ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਸਵੀਮਿੰਗ ਪੂਲ ਵਿੱਚ ਨਵੀਆਂ ਲੇਨਾ ਲਵਾ ਦਿੱਤੀਆਂ ਗਈਆਂ। ਸਵੀਮਿੰਗ ਪੂਲ ਵਿੱਚ ਲੇਨਾ ਲੱਗਣ ਨਾਲ ਹੁਣ ਏਥੇ ਅਭਿਆਸ ਕਰਨ ਵਾਲੇ ਤੈਰਾਕਾਂ ਨੂੰ ਵੱਡੀ ਸਹੂਲਤ ਮਿਲੇਗੀ। ਨਵੀਆਂ ਲੇਨਾ ਪਾਉਣ ਉਪਰੰਤ ਪੂਲ ਤੈਰਾਕਾਂ ਸਪੁਰਦ ਕਰਨ ਲਈ ਹਲਕਾ ਵਿਧਾਇਕ ਦਾ ਭਰਾਤਾ ਹਰਿੰਦਰ ਸਿੰਘ ਖੋਸਾ ਅਤੇ ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ ਬਲਵੰਤ ਸਿੰਘ ਵਿਸੇਸ਼ ਤੌਰ 'ਤੇ ਸਵੀਮਿੰਗ ਪੂਲ ਪਧਾਰੇ ਅਤੇ ਨੰਨ੍ਹੇ ਮੁੰਨ੍ਹੇ ਤੈਰਾਕਾਂ ਨੂੰ ਅਸ਼ੀਰਵਾਦ ਦਿੱਤਾ।
ਇਸ ਮੌਕੇ ਤੈਰਾਕਾਂ ਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ ਨੇ ਕਿਹਾ ਕਿ ਫ਼ਿਰੋਜ਼ਪੁਰ ਤੈਰਾਕੀ ਐਸੋਸੀਏਸ਼ਨ ਅਤੇ ਤੈਰਾਕਾਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਸਵੀਮਿੰਗ ਪੂਲ ਵਿੱਚ ਨਵੀਆਂ ਲੇਨਾ ਪਾਉਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਖੇਡ ਵਿਭਾਗ ਵੱਲੋਂ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ 'ਤੇ 80 ਹਜ਼ਾਰ ਰੁਪਏ ਦੀ ਲਾਗਤ ਆਈ ਹੈ ਜੋ ਖੇਡ ਵਿਭਾਗ ਪਾਸ ਪਈ ਵਿਵੇਕੀ ਗਰਾਂਟ ਵਿੱਚੋਂ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਤੈਰਾਕਾਂ ਨੇ ਪਿਛਲੇ ਸਮੇਂ ਦੌਰਾਨ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਉਹਨਾਂ ਆਸ ਪ੍ਰਗਟਾਈ ਕਿ ਫ਼ਿਰੋਜ਼ਪੁਰ ਦੇ ਤੈਰਾਕ ਭਵਿੱਖ ਵਿੱਚ ਅਜਿਹੀਆਂ ਪ੍ਰਾਪਤੀਆਂ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਦੇ ਰਹਿਣਗੇ। ਤੈਰਾਕਾਂ ਨੂੰ ਅਸ਼ੀਰਵਾਦ ਦਿੰਦਿਆਂ ਕਾਂਗਰਸੀ ਆਗੂ ਹਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਬੜੀ ਖੁਸ਼ੀ ਦੀ ਗਲ ਹੈ ਕਿ ਖੇਡ ਵਿਭਾਗ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫ਼ਿਰੋਜ਼ਪੁਰ ਦੇ ਖਿਡਾਰੀਆਂ ਦੀਆਂ ਜ਼ਰੂਰਤਾਂ ਅਤੇ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਸ਼੍ਰ; ਖੋਸਾ ਨੇ ਕਿਹਾ ਕਿ ਤੈਰਾਕੀ ਐਸੋਸੀਏਸ਼ਨ ਅਤੇ ਤੈਰਾਕਾਂ ਦੀ ਫਿਰੋਜ਼ਪੁਰ ਵਿਖੇ ਆਲ ਵੈਦਰ (ਹਰ ਮੌਸਮ) ਪੂਲ ਦੀ ਮੰਗ ਨੂੰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਜਲਦ ਪੂਰਾ ਕੀਤਾ ਜਾਵੇਗਾ ਤਾਂ ਜੋ ਫ਼ਿਰੋਜ਼ਪੁਰ ਦੇ ਤੈਰਾਕ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਵੀ ਮੱਲਾਂ ਮਾਰ ਸਕਣ। ਇਸ ਮੌਕੇ ਉਨ੍ਹਾਂ ਨਾਲ ਤਰਸੇਮ ਅਰੋੜਾ ਐਡਵੋਕੇਟ, ਅਜੇ ਜੋਸ਼ੀ, ਇਕਬਾਲ ਸਿੰਘ ਪਾਲ ਠੇਕੇਦਾਰ ਕਾਂਗਰਸੀ ਆਗੂਆਂ ਤੋਂ ਇਲਾਵਾ ਤਰਲੋਚਨ ਸਿੰਘ ਭੁੱਲਰ ਸਕੱਤਰ ਜ਼ਿਲ੍ਹਾ ਸਵੀਮਿੰਗ ਐਸੋਸੀਏਸ਼ਨ, ਗਗਨ ਮਾਟਾ ਤੈਰਾਕੀ ਕੋਚ, ਅਵਤਾਰ ਸਿੰਘ ਹਾਕੀ ਕੋਚ, ਗੁਰਜੀਤ ਸਿੰਘ ਹੈਂਡਬਾਲ ਕੋਚ, ਮਨਪ੍ਰੀਤ ਸਿੰਘ ਕੁਸ਼ਤੀ ਕੋਚ, ਰਮੀ ਕਾਂਤ ਬਾਕਸਿੰਗ ਕੋਚ, ਪਲਵਿੰਦਰ ਸਿੰਘ ਪਾਲੀ, ਟੋਨੀ ਭੁੱਲਰ, ਜਰਨੈਲ ਸਿੰਘ ਸੰਧੂ, ਗੁਰਨਾਮ ਸਿੰਘ, ਸੰਜੇ ਗੁਪਤਾ, ਤਰਲੋਕ ਜਿੰਦਲ, ਮੈਡਮ ਨੀਰਜ ਦਿਓੜਾ , ਮੈਡਮ ਜਸਵੀਰ ਕੌਰ ਆਦਿ ਖਿਡਾਰੀਆਂ ਦੇ ਮਾਪੇ ਅਤੇ ਖੇਡ ਪ੍ਰੇਮੀ ਵੀ ਹਾਜ਼ਰ ਸਨ।