ਆਕਲੈਂਡ, 24 ਅਪ੍ਰੈਲ, 2017 : ਨਿਊਜ਼ੀਲੈਂਡ ਵਿਚ ਹੋਈਆਂ ਵਰਲਡ ਮਾਸਟਰਜ਼ ਗੇਮਜ਼ ਵਿਚ 101 ਸਾਲਾ ਪੰਜਾਬੀ ਬੇਬੇ ਮਾਨ ਕੌਰ ਨੇ 100 ਮੀਟਰ ਦੀ ਦੌੜ ਵਿਚ ਗੋਲਡ ਮੈਡਲ ਜਿੱਤ ਕੇ ਲੋਕਾਂ ਦੇ ਦਿਲ ਜਿੱਤ ਲਏ ਅਤੇ ਪੂਰੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ।
50-60 ਸਾਲ ਦੀ ਉਮਰ ਤੋਂ ਬਾਅਦ ਜਿੱਥੇ ਅੱਜ-ਕੱਲ੍ਹ ਲੋਕਾਂ ਦੇ ਗਿੱਟੇ-ਗੋਡੇ ਜਵਾਬ ਦੇ ਜਾਂਦੇ ਹਨ, ਉੱਥੇ ਇਹ ਬੇਬੇ ਆਪਣੇ-ਆਪ ਵਿਚ ਮਿਸਾਲ ਹੈ। ਸਿਆਣੇ ਸੱਚ ਹੀ ਕਹਿੰਦੇ ਹਨ ਕਿ ਬੁਢਾਪੇ ਵਿਚ ਜਵਾਨੀ ਵੇਲੇ ਖਾਧੀਆਂ ਖੁਰਾਕਾਂ ਹੀ ਕੰਮ ਆਉਂਦੀਆਂ ਹਨ। ਬੇਬੇ ਮਾਨ ਕੌਰ ‘ਵਰਲਡ ਮਾਸਟਰਜ਼ ਗੇਮਜ਼’ ਵਿੱਚ ਹਿੱਸਾ ਲੈਣ ਲਈ ਖਾਸ ਤੌਰ ‘ਤੇ ਨਿਊਜ਼ੀਲੈਂਡ ਪੁੱਜੀ ਸੀ।
ਬੇਬੇ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਖਤਰਨਾਕ ਹੱਦ ਤੱਕ ਟੇਢੀ ਹੈ ਅਤੇ ਇਸ ਕਰਕੇ ਉਨ੍ਹਾਂ ਦਾ ਖੇਡਾਂ ਵਿਚ ਹਿੱਸਾ ਲੈਣਾ ਤਾਂ ਦੂਰ ਦੀ ਗੱਲ, ਪੈਰਾਂ ‘ਤੇ ਖੜ੍ਹੇ ਰਹਿਣਾ ਵੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਸ ਮੁਕਾਬਲੇ ਵਿਚ 100 ਸਾਲ ਤੋਂ ਉੱਪਰ ਉਮਰ ਵਾਲੀ ਬੇਬੇ ਇਕੱਲੀ ਮੁਕਾਬਲੇਬਾਜ਼ ਸੀ।
ਜਿੱਤਣ ਤੋਂ ਬਾਅਦ ਬੇਬੇ ਨੇ ਕਿਹਾ ਕਿ ਉਹ ਅੱਜ ਖੁਦ ਨੂੰ ‘ਮਦਰ ਇੰਡੀਆ’ ਮਹਿਸੂਸ ਕਰ ਰਹੀ ਹੈ। ਉਹ ਖੁਦ ਨੂੰ ‘ਦੁਨੀਆ ਦਾ ਹੀਰੋ’ ਮਹਿਸੂਸ ਕਰ ਰਹੀ ਹੈ। ਜੋ ਕਿ ਹਰ ਮਾਇਨੇ ਵਿਚ ਸਹੀ ਹੈ। ਬੇਬੇ ਨੇ ਇਹ ਦੌੜ ਇਕ ਮਿੰਟ 14 ਸਕਿੰਟਾਂ ਵਿਚ ਪੂਰੀ ਕੀਤੀ। ਇਸ ਤੋਂ ਇਲਾਵਾ ਬੇਬੇ 200 ਮੀਟਰ ਸਪਰਿੰਟ ਦੌੜ, ਜੈਵਲਿਨ ਥਰੋਅ ਅਤੇ ਸ਼ਾਟਪੁਟ ਮੁਕਾਬਲਿਆਂ ਵਿਚ ਵੀ ਹਿੱਸਾ ਲਵੇਗੀ।