ਲੁਧਿਆਣਾ, 15 ਮਾਰਚ, 2017 : ਬਾਬਾ ਬੁੱਢਾ ਜੀ ਗੱਤਕਾ ਅਖਾੜਾ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਤੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਗੱਤਕਾ ਅਖਾੜਾ ਦੇ ਸਹਿਯੋਗ ਨਾਲ ਹੋਲੇ ਮਹੱਲੇ ਨੂੰ ਸਮਰਪਿਤ ਦੂਸਰਾ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਇਆ ਗਿਆ, ਜਿਸ 'ਚ ਪੰਜਾਬ ਦੀਆਂ ਪ੍ਰਸਿੱਧ 7 ਟੀਮਾਂ ਨੇ ਭਾਗ ਲਿਆ ਤੇ ਸੰਗਤਾਂ ਨੂੰ ਆਪਣੀ ਸ਼ਸ਼ਤਰ ਵਿੱਦਿਆ ਦੇ ਜੌਹਰ ਵਿਖਾਏ। ਜਿਸਨੂੰ ਵੇਖ ਕੇ ਸੰਗਤਾਂ ਨੇ ਜੈਕਾਰਿਆਂ ਨਾਲ ਅਕਾਸ਼ ਗੂੰਜਣ ਲਾ ਦਿੱਤਾ। ਇਸ ਵਿਰਸਾ ਸੰਭਾਲ ਗੱਤਕਾ ਕੱਪ 'ਚ ਜੱਜਮੈਂਟ ਦੀ ਸੇਵਾ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਗੱਤਕਾ ਅਖਾੜਾ ਦੀ ਟੀਮ ਨੇ ਕੀਤੀ।
ਇਸ ਮੌਕੇ ਜੱਜਮੈਂਟ ਟੇਬਲ ਤੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਗੱਤਕਾ ਅਖਾੜਾ ਦੇ ਮੁੱਖੀ ਭਾਈ ਸੁਖਦੀਪ ਸਿੰਘ ਖਾਲਸਾ ਨੇ ਪ੍ਰੋਗਰਾਮ ਦੀ ਸਮਾਪਤੀ 'ਤੇ ਪੁੱਜੀਆਂ ਟੀਮਾਂ ਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਅੱਜ ਲੋੜ ਹੈ ਕਿ ਸੰਗਤ ਆਪਣੇ ਬੱਚਿਆਂ ਨੂੰ ਸਿੱਖੀ ਦੇ ਵੱਡਮੁੱਲੇ ਖਜ਼ਾਨੇ ਤੋਂ ਜਾਣੂ ਕਰਵਾਏ ਤਾਂ ਜੋ ਪਤਿਤਪੁਣੇ ਤੇ ਨਸ਼ੇ ਨੂੰ ਛੱਡ ਕੇ ਗੁਰੂ ਵਾਲੇ ਬਣਨ। ਉਨ੍ਹਾਂ ਪ੍ਰਦਰਸ਼ਨੀ ਮੁਕਾਬਲਿਆਂ ਦੇ ਨਤੀਜੇ ਐਲਾਨ ਕਰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ 'ਚ ਭਾਗ ਲੈਣ ਵਾਲੀਆਂ ਕੁੱਲ 7 ਟੀਮਾਂ 'ਚੋਂ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਗੱਤਕਾ ਅਖਾੜਾ ਰੁੜਕਾ ਨੇ ਪਹਿਲਾ ਸਥਾਨ, ਸੰਤ ਈਸ਼ਰ ਸਿੰਘ ਗੱਤਕਾ ਅਖਾੜਾ (ਬੁਟਾਹਰੀ) ਨੇ ਦੂਸਰਾ ਸਥਾਨ ਅਤੇ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ (ਸ਼ਿਮਲਾਪੁਰੀ) ਨੇ ਤੀਸਰਾ ਸਥਾਨ ਹਾਸਿਲ ਕੀਤਾ, ਜਿੰਨਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਅਖੀਰ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਬਾ ਬੁੱਢਾ ਜੀ ਗੱਤਕਾ ਅਖਾੜਾ ਦੇ ਮੈਂਬਰਾਂ ਨੇ ਪੁੱਜੀਆਂ ਸਮੁੱਚੀਆਂ ਟੀਮਾਂ, ਸੰਗਤਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਗੱਤਕਾ ਅਖਾੜਾ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟਾਈ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
85688-05400