ਵਰਲਡ ਯੂਨੀਵਰਸਿਟੀ ਦੀਆਂ ਭਾਰਤੀ ਜੂਨੀਅਰ ਮਹਿਲਾ ਹਾਕੀ ਕੈਂਪ ਲਈ ਚੁਣੀ ਗਈ 9ਖਿਡਾਰਨਾਂ ਨਾਲ ਪ੍ਰੋ ਕਿਰਪਾਲ ਸਿੰਘ ਬਡੂੰਗਰ ਅਤੇ ਯੂਨੀਵਰਸਿਟੀ ਅਧਕਾਰੀ
ਪਟਿਆਲਾ, 13 ਜਨਵਰੀ, 2017 : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੀ ਹਾਕੀ ਅਕੈਡਮੀ ਦੀਆਂ 9 ਹਾਕੀ ਖਿਡਾਰਨਾਂ ਦੀ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਭੋਪਾਲ ਸੈਂਟਰ ਵਿਖੇ ਲਗਾਏ ਜਾ ਰਹੇ ਅੰਡਰ 21 ਭਾਰਤੀ ਜੂਨੀਅਰ ਮਹਿਲਾ ਹਾਕੀ ਕੈਂਪ ਵਿਚ ਚੋਣ ਹੋਈ ਹੈ।ਵਰਲਡ ਯੂਨੀਵਰਸਿਟੀ ਦੀਆਂ ਖਿਡਾਰਨਾਂ ਨਵਪ੍ਰੀਤ ਕੌਰ, ਮਨਪ੍ਰੀਤ ਕੌਰ, ਪ੍ਰਿਅੰਕਾ, ਗਗਨਦੀਪ ਕੌਰ, ਅਮਰਿੰਦਰ ਕੌਰ, ਰੀਤ, ਪ੍ਰਿਅੰਕਾ ਸੈਣੀ, ਰਿਤੂ ਅਤੇ ਨਵਨੀਤ ਕੌਰ ਭਾਰਤੀ ਜੂਨੀਅਰ ਹਾਕੀ ਕੈਂਪ ਲਈ ਚੁਣੀਆਂ ਗਈਆਂ ਹਨ।
ਇਸ ਅਵਸਰ ਉਤੇ ਯੂਨੀਵਰਸਿਟੀ ਦੇ ਚਾਂਸਲਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਯੂਨੀਵਰਸਿਟੀ ਦੀਆਂ ਖਿਡਾਰਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਵਿਦਿਆਰਥੀਆਂ ਦੀ ਭਾਰਤੀ ਜੂਨੀਅਰ ਮਹਿਲਾ ਹਾਕੀ ਕੈਂਪ ਵਿਚ ਹੋਈ ਚੋਣ ਇਸ ਗੱਲ ਨੂੰ ਸਾਬਿਤ ਕਰਦੀ ਹੈ।ਉਨ੍ਹਾਂ ਇਸ ਗੱਲ ਉਤੇ ਖੁਸ਼ੀ ਪ੍ਰਗਟਾਈ ਕਿ ਅੱਜ ਕੱਲ੍ਹ ਲੜਕੀਆਂ ਨਾ ਕੇਵਲ ਅਕਾਦਮਿਕ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ ਬਲਕਿ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਮੱਲਾਂ ਮਾਰ ਰਹੀਆਂ ਹਨ।ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਭਾਰਤੀ ਜੂਨੀਅਰ ਮਹਿਲਾ ਹਾਕੀ ਕੈਂਪ ਵਿਚ ਚੁਣੀ ਗਈ ਹਰ ਖਿਡਾਰਨ ਨੂੰ 2100 ਰੁਪਏ ਦੀ ਰਾਸ਼ੀ ਇਨਾਮ ਵਜੋਂ ਭੇਟ ਕੀਤੀ ਜਾਵੇਗੀ।
ਇਸ ਅਵਸਰ ਉਤੇ ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਨੇ ਖਿਡਾਰਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਵਿਖੇ 2014 ਤੋਂ ਚਲਾਈ ਜਾ ਰਹੀ ਹਾਕੀ ਅਕੈਡਮੀ ਦੀਆਂ ਖਿਡਾਰਨਾਂ ਨੇ ਰਾਸ਼ਟਰੀ ਪੱਧਰ ਉਤੇ 19 ਗੋਲਡ ਮੈਡਲ, 4 ਸਿਲਵਰ ਮੈਡਲ ਅਤੇ ਤਿੰਨ ਕਾਂਸੀ ਦੇ ਮੈਡਲ ਜਿੱਤੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਦੇਸ਼ ਵਿੱਚ ਖੇਡਾਂ ਦੇ ਪੱਧਰ ਨੁੂੰ ਹੋਰ ਉਚੇਰਾ ਕਰਨ ਲਈ ਯੂਨੀਵਰਸਿਟੀ ਵਲੋਂ ਇਕ ਅਤਿ ਆਧੁਨਿਕ ਖੇਡ ਕੰਪਲੈਕਸ ਵੀ ਤਿਆਰ ਕੀਤਾ ਗਿਆ ਹੈ।ਯੂਨੀਵਰਸਿਟੀ ਦੀ ਹਾਕੀ ਅਕੈਡਮੀ ਦੀਆਂ ਕੇਵਲ ਢਾਈ ਸਾਲਾਂ ਦੇ ਥੋੜ੍ਹੇ ਸਮੇਂ ਦੌਰਾਨ ਕੀਤੀਆਂ ਉਪਲਬਧੀਆਂ ਪਿੱਛੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਕੰਵਲਜੀਤ ਸਿੰਘ ਅਤੇ ਦਰੋਣਾਚਾਰੀਆ ਐਵਾਰਡੀ ਮੁੱਖ ਕੋਚ ਬਲਦੇਵ ਸਿੰਘ ਦੀ ਯੋਗ ਅਗਵਾਈ ਦੱਸਿਆ।
ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਡੀਨ ਅਕਾਦਮਿਕ ਅਤੇ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਭੋਪਾਲ ਵਿਖੇ ਲਗਾਏ ਜਾਣ ਵਾਲੇ ਇਸ 2 ਹਫ਼ਤੇ ਦੇ ਕੈਂਪ ਦੀ ਸ਼ੁਰੂਆਤ 15 ਜਨਵਰੀ ਨੂੰ ਹੋਵੇਗੀ।ਉਨ੍ਹਾਂ ਵਿਸ਼ਵਾਸ਼ ਜਤਾਇਆ ਕਿ ਯੂਨੀਵਰਸਿਟੀ ਦੀਆਂ ਇਹ ਖਿਡਾਰਣਾਂ ਕੈਂਪ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਨਾ ਕੇਵਲ ਯੂਨੀਵਰਸਿਟੀ ਦਾ ਬਲਕਿ ਰਾਜ ਅਤੇ ਦੇਸ਼ ਦਾ ਨਾਂ ਵੀ ਰੌਸ਼ਨ ਕਰਨਗੀਆਂ।ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪ੍ਰਿਤਪਾਲ ਸਿੰਘ ਅਤੇ ਡੀਨ ਵਿਦਿਆਰਥੀ ਭਲਾਈ ਡਾ. ਬੀਰਬਿਕਰਮ ਸਿੰਘ ਨੇ ਖਿਡਾਰਨਾਂ ਨੂੰ ਮੁਬਾਰਬਾਦ ਦਿੱਤੀ।