ਫ਼ਤਹਿਗੜ੍ਹ ਸਾਹਿਬ: ਜ਼ਿਲ੍ਹਾ ਹਸਪਤਾਲ ਵਿੱਚ ਵਿਸ਼ਵ ਟੀਬੀ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ
- "ਹਾਂ ! ਅਸੀਂ ਟੀਬੀ ਨੂੰ ਖਤਮ ਕਰ ਸਕਦੇ ਹਾਂ !" :- ਸਿਵਲ ਸਰਜਨ
ਫ਼ਤਹਿਗੜ੍ਹ ਸਾਹਿਬ :- 26 ਮਾਰਚ 2024 - ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜਿਲਾ ਹਸਪਤਾਲ ਵਿਖੇ 'ਵਿਸ਼ਵ ਟੀਬੀ ਦਿਵਸ' ਦੇ ਮੌਕੇ ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਇਸ ਸਾਲ ਦੀ ਥੀਮ "ਹਾਂ! ਅਸੀਂ ਟੀਬੀ ਨੂੰ ਖਤਮ ਕਰ ਸਕਦੇ ਹਾਂ!" ਬਾਰੇ ਜਾਣਕਾਰੀ ਦਿੰਦਿਆ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਟੀਬੀ ਦੀ ਬਿਮਾਰੀ ਇਲਾਜ ਯੋਗ ਹੈ ਇਸ ਨੂੰ ਅਸੀਂ ਰਲ ਮਿਲ ਕੇ ਖਤਮ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਤਪਦਿਕ ਤੋਂ ਬਚਾਅ ਲਈ ਬੱਚੇ ਨੂੰ ਜਨਮ ਸਮੇਂ ਹੀ ਬੀਸੀਜੀ ਦਾ ਟੀਕਾ ਲਗਵਾਉਣਾ ਚਾਹੀਦਾ ਜੋ ਬੱਚੇ ਅੰਦਰ ਬਿਮਾਰੀ ਵਿਰੁੱਧ ਲੜਨ ਦੀ ਸ਼ਕਤੀ ਪੈਦਾ ਕਰਦਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਤਪਦਿਕ ਦੀ ਬਿਮਾਰੀ ਹੋ ਜਾਂਦੀ ਹੈ ਤਾਂ ਉਸ ਨੂੰ ਆਪਣਾ ਮੁਕੰਮਲ ਇਲਾਜ ਕਰਵਾਉਣਾ ਚਾਹੀਦਾ ਹੈ।
ਉਹਨਾਂ ਦੱਸਿਆ ਕਿ ਨੈਸ਼ਨਲ ਟੀਬੀ ਅਲਿਮੀਨੇਸ਼ਨ ਪ੍ਰੋਗਰਾਮ ਤਹਿਤ ਸਾਲ 2025 ਤੱਕ ਦੇਸ਼ ਵਿੱਚੋਂ ਟੀ.ਬੀ ਦੇ ਖਾਤਮੇ ਦਾ ਟੀਚਾ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਅਸੀਂ ਸਾਰੇ ਰਲ ਮਿਲ ਕੇ ਬਿਮਾਰੀ ਵਿੱਰੁਧ ਹੰਬਲਾ ਮਾਰੀਏ । ਜਿਲ੍ਹੇ ਵਿੱਚ ਟੀ.ਬੀ. ਐਲੀਮੀਨੇਸ਼ਨ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆ ਬਾਰੇ ਜਾਣਕਾਰੀ ਦਿੰਦਿਆਂ ਜਿਲਾ ਟੀਬੀ ਨੋਡਲ ਅਫਸਰ ਡਾ ਹਰਕੇਸ਼ ਕੁਮਾਰ ਨੇ ਦੱਸਿਆ ਕਿ ਤਪਦਿਕ ਦਾ ਇਲਾਜ ਕਰਾ ਰਹੇ ਰੋਗੀਆਂ ਦੀ ਵਿਭਾਗ ਵੱਲੋਂ ਲੋੜੀਂਦੀ ਖਾਦ ਸਮੱਗਰੀ ਨਾਲ ਅਤੇ ਨਿਕਸੇ ਮਿੱਤਰਾ ਸਕੀਮ ਤਹਿਤ ਵੀ ਸਹਾਇਤਾ ਕੀਤੀ ਜਾਂਦੀ ਹੈ ਤਾਂ ਕਿ ਉਹ ਆਪਣਾ ਇਲਾਜ ਸਹੀ ਢੰਗ ਨਾਲ ਕਰਵਾ ਸਕੇ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਹੁਣ ਜਿਆਦਾ ਜੋਰ ਟੀ.ਬੀ. ਲੱਛਣਾਂ ਅਤੇ ਇਲਾਜ ਤੋਂ ਸੱਖਣੇ ਰਹਿ ਗਏ ਮਰੀਜਾਂ ਦੀ ਭਾਲ ਕਰਨ ਤੇ ਦਿੱਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਟੀਬੀ ਇੱਕ ਡਰਾਪਲੈਟ ਇਨਫੈਕਸ਼ਨ ਹੈ ਜੋ ਥੁਕ ਕਣਾ ਰਾਹੀਂ ਇੱਕ ਰੋਗੀ ਵਿਅਕਤੀ ਤੋਂ ਤੰਦਰੁਸਤ ਵਿਅਕਤੀ ਨੂੰ ਹੋ ਜਾਂਦੀ ਹੈ ਇਸ ਲਈ ਇਸਦੇ ਖਾਤਮੇ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ । ਉਹਨਾਂ ਇਹ ਵੀ ਦੱਸਿਆ ਕਿ ਅੱਧ ਵਿਚਕਾਰ ਟੀਬੀ ਦਾ ਇਲਾਜ ਛੱਡਣ ਵਾਲੇ ਮਰੀਜ਼ਾਂ ਨੂੰ ਰਜਿਸਟੈਂਸ ਟੀਬੀ ਹੋ ਜਾਂਦੀ ਹੈ ਜਿਸ ਦਾ ਇਲਾਜ ਗੁੰਝਲਦਾਰ ਤੇ ਲੰਬਾ ਹੋ ਸਕਦਾ ਹੈ । ਡਾ ਹਰਕੇਸ਼ ਕੁਮਾਰ ਨੇ ਟੀ.ਬੀ ਦੇ ਲੱਛਣਾਂ, ਕਾਰਨਾਂ ਅਤੇ ਰੋਕਥਾਮ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਦੋ ਹਫਤਿਆਂ ਤੋਂ ਜਿਆਦਾ ਖਾਂਸੀ, ਭੁੱਖ ਘੱਟ ਲਗਣਾ, ਵਜਨ ਦਾ ਘੱਟਣਾ, ਬਲਗਮ ਵਿਚ ਖੂਨ ਆਉਣਾ, ਛਾਤੀ ਵਿਚ ਦਰਦ ਆਦਿ ਟੀ.ਬੀ. ਦੀਆਂ ਨਿਸ਼ਾਨੀਆਂ ਹਨ।ਅਜਿਹੇ ਵਿਅਕਤੀ ਤੁਰੰਤ ਆਪਣੀ ਬਲਗਮ ਦੀ ਜਾਂਚ ਜਰੂਰ ਕਰਵਾਉਣ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਮਹਾਵੀਰ ਸਿੰਘ, ਅਕਵਿੰਦਰ ਕੌਰ, ਜਗਦੀਪ ਸਿੰਘ, ਪਰਮਜੀਤ ਸਿੰਘ, ਤੋਂ ਇਲਾਵਾ ਆਮ ਲੋਕ ਹਾਜ਼ਰ ਸਨ।