ਪਿੰਡ ਪੰਜਕੋਹਾਂ ਵਿਖੇ ਪਿੰਡ ਦੀ ਸਰਪੰਚ ਗੁਰਚਰਨ ਕੌਰ ਅਤੇ ਰੇਂਜ ਅਫਸਰ ਬਲਵਿੰਦਰ ਸਿੰਘ ਬੂਟੇ ਲਗਾਉਣ ਦੀ ਰਸ਼ਮੀ ਸ਼ੁਰੂਆਤ ਕਰਾਉਂਦੇ ਹੋਏ
ਫਤਹਿਗੜ੍ਹ ਸਾਹਿਬ 11 ਜੁਲਾਈ:(ਦੀਦਾਰ ਗੁਰਨਾ ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਹਰ ਪਿੰਡ ਵਿੱਚ ਬੂਟੇ ਲਗਾਉਣ ਦੀ ਵਿੱਢੀ ਮੁਹਿੰਮ ਤਹਿਤ 550-550 ਬੂਟੇ ਲਗਾਉਣ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ ਪਿੰਡ ਵਿੱਚ ਬੂਟੇ ਲਾਉਣ ਦਾ ਕੰਮ 30 ਸਤੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਵਣ ਮੰਡਲ ਅਫ਼ਸਰ ਸ. ਗੁਰਅਮਨਪ੍ਰੀਤ ਸਿੰਘ ਨੇ ਪਿੰਡ ਪੰਜਕੋਹਾਂ ਵਿਖੇ ਬੂਟੇ ਲਾਏ ਜਾਣ ਦੀ ਸ਼ੁਰੂਆਤ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਵਿਖੇ ਪੰਚਾਇਤ ਅਤੇ ਲੋਕਾਂ ਦੇ ਸਹਿਯੋਗ ਨਾਲ ਬੂਟੇ ਲਾਉਣ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਬੂਟਿਆਂ ਦੀ ਅਹਿਮੀਅਤ ਤੇ ਉਨ੍ਹਾਂ ਦੀ ਸਾਂਭ ਸੰਭਾਲ ਬਾਰੇ ਵੀ ਜਾਗਰੂਕ ਕੀਤਾ ਗਿਆ ।
ਉਨ੍ਹਾਂ ਕਿਹਾ ਕਿ ਕੁਦਰਤ ਅਤੇ ਮਨੁੱਖੀ ਜੀਵਨ ਦੀ ਮਹੱਤਤਾ ਬਾਰੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਨੇ ਇਹ ਮੁਹਿੰਮ ਵਿੱਢੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਬੂਟੇ ਲਗਾਉਣ ਨਾਲ ਜਿੱਥੇ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਵੇਗੀ, ਉੱਥੇ ਹੀ ਪਿੰਡਾਂ ਦਾ ਵਾਤਾਵਰਨ ਵੀ ਹਰਿਆ ਭਰਿਆ ਬਣਿਆ ਰਹੇਗਾ ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਬੂਟਿਆਂ ਦੀ ਸਾਂਭ ਸੰਭਾਲ ਜੰਗਲਾਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤੀ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਕਰਵਾਈ ਜਾਵੇਗੀ ਪਰ ਮੁੱਖ ਭੂਮਿਕਾ ਪਿੰਡਾਂ ਦੀਆਂ ਪੰਚਾਇਤਾਂ ਦੀ ਹੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਵਿੱਚ ਹਰੇਕ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਹੀ ਵਾਤਾਵਰਨ ਪ੍ਰਦੂਸ਼ਣ ਮੁਕਤ ਰਹਿ ਸਕਦਾ ਹੈ।ਇਸ ਮੌਕੇ ਰੇਂਜ ਅਫ਼ਸਰ ਸ.ਬਲਵਿੰਦਰ ਸਿੰਘ ਸਮੇਤ ਪਿੰਡ ਦੀ ਸਰਪੰਚ ਗੁਰਬਚਨ ਕੌਰ ਸਮੇਤ ਪਿੰਡ ਦੇ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਤੋਂ ਇਲਾਵਾ ਪਿੰਡ ਸੁਹਾਵੀ ਵਿਖੇ ਵੀ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ।