ਨਵਾਂ ਸ਼ਹਿਰ, 20 ਮਾਰਚ 2019: ਆਬਕਾਰੀ ਤੇ ਕਰ ਵਿਭਾਗ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅੱਜ ਸਾਲ 2019-20 ਲਈ 135 ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਈ ਕੁੱਲ 23 ਗਰੁੱਪਾਂ ਦਾ ਡਰਾਅ ਕੱਢਿਆ ਗਿਆ।
ਇਹ ਜਾਣਕਾਰੀ ਦਿੰਦਿਆਂ ਏ ਈ ਟੀ ਸੀ ਜਤਿੰਦਰ ਕੌਰ ਨੇ ਦੱਸਿਆ ਕਿ ਇਸ ਡਰਾਅ ਆਫ ਲਾਟਸ ਵਿੱਚ ਸ਼੍ਰੀ ਵਿਨੈ ਬਬਲਾਨੀ, ਆਈ.ਏ.ਐਸ, ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਬਤੌਰ ਅਬਜ਼ਰਵਰ ਪਹੰੁਚੇ। ਉਨ੍ਹਾਂ ਦੀ ਦੇਖ-ਰੇਖ ਵਿੱਚ ਡਰਾਅ ਆਫ ਲਾਟਸ ਦਾ ਕੰਮ ਤਕਰੀਬਨ ਸਵੇਰੇ 10 ਵਜੇ ਸ਼ੁਰੂ ਕੀਤਾ ਗਿਆ, ਜਿਸ ਤਹਿਤ ਨਵਾਂਸ਼ਹਿਰ ਸਿਟੀ ਦੇ ਜ਼ੋਨ 1 ਤੋਂ 4, ਜਾਡਲਾ, ਮੁਬਾਰਕਪੁਰ, ਬਲਾਚੌਰ ਸਿਟੀ 1 ਅਤੇ 2, ਅੰਸਰੋਂ, ਜੈਨਪੁਰ, ਸਿੰਘਪੁਰ, ਕਾਠਗੜ੍ਹ, ਬੰਗਾ ਸਿਟੀ ਜ਼ੋਨ 1 ਅਤੇ 2, ਗੁਣਾਚੌਰ, ਹੀਮਾ, ਮੁਕੰਦਪੁਰ, ਮੇਹਲੀ, ਬਹਿਰਾਮ, ਰਾਹੋਂ ਸਿਟੀ, ਸੋਇਤਾ, ਔੜ ਅਤੇ ਭਾਰਟਾ ਗਰੁੱਪ ਸਫ਼ਲਤਾ ਪੂਰਵਕ ਅਲਾਟ ਕੀਤੇ ਗਏ ਅਤੇ ਮੌਕੇ ’ਤੇ 4.12 ਕਰੋੜ ਰੁਪਏ ਦੇ ਕਰੀਬ ਆਬਕਾਰੀ ਮਾਲੀਆ ਇਕੱਤਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਰਾਬ ਦੀਆਂ ਦੁਕਾਨਾਂ ਦੀ ਨਿਲਾਮੀ ਤੋਂ ਪੂਰੇ ਸਾਲ ਦਾ 125.65 ਕਰੋੜ ਰੁਪਏ ਦਾ ਮਾਲੀਆ ਆਉਣ ਦੀ ਸੰਭਾਵਨਾ ਹੈ।