ਦੇਵਾ ਨੰਦ ਸ਼ਰਮਾ
ਫਰੀਦਕੋਟ 20 ਮਾਰਚ 2019 - ਡਿਪਟੀ ਕਮਿਸ਼ਨਰ ਸ: ਗੁਰਲਵਲੀਨ ਸਿੰਘ ਸਿੱਧੂ ਆਈ ਏ ਐਸ ਵੱਲੋਂ ਅੱਜ ਸਥਾਨਕ ਸਰਕਾਰਾਂ ਵਿਭਾਗ, ਪਾਵਰ ਕਾਮ, ਪੀ ਡਬਲਯੂ ਡੀ, ਨਗਰ ਕੌਂਸਲ, ਇੰਪਰੂਵਮੈਂਟ ਟਰੱਸਟ, ਬਾਗਬਾਨੀ, ਜਨ ਸਿਹਤ ਆਦਿ ਵਿਭਾਗ ਦੇ ਅਧਿਕਾਰੀਆਂ ਨਾਲ ਦਰਬਾਰ ਗੰਜ ਕੰਪਲੈਕਸ ਦਾ ਦੌਰਾ ਕੀਤਾ ਅਤੇ ਜਨਤਕ ਪਾਰਕ, ਚੌਕਾਂ ਅਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਸਫਾਈ ਮੁਹਿੰਮ ਤੇਜ਼ ਕਰਨ, ਲਾਈਟਾਂ, ਸੀਵਰੇਜ਼ ਆਦਿ ਦੇ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ।
ਦਰਬਾਰ ਗੰਜ ਪਾਰਕ ਵਿਖੇ ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪਾਰਕ ਦੀ ਸਫਾਈ ਰੋਜ਼ਾਨਾ ਕਰਵਾਈ ਜਾਵੇ ਅਤੇ ਖਰਾਬ ਲਾਈਟਾਂ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ। ਉਨ੍ਹਾਂ ਪਾਰਕ ਦੇ ਬੰਦ ਪਏ ਫੁਹਾਰਿਆਂ ਨੂੰ ਠੀਕ ਕਰਨ ਤੇ ਜਲਦ ਚਲਾਉਣ ਦੀ ਹਦਾਇਤ ਕੀਤੀ ਅਤੇ ਰੁੱਖਾਂ ਦੀ ਕਾਂਟ ਛਾਂਟ, ਨਵੇ ਬੂਟੇ, ਫੁੱਲ ਲਗਾਉਣ ਅਤੇ ਇਨ੍ਹਾਂ ਦੀ ਨਿਰੰਤਰ ਸਿੰਚਾਈ ਦੇ ਵੀ ਆਦੇਸ਼ ਦਿੱਤੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫਾਈ ਮੁਹਿੰਮ ਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਆਪਣਾ ਸਹਿਯੋਗ ਦੇਣ। ਉਨ੍ਹਾਂ ਇਸ ਮੁਹਿੰਮ ਵਿਚ ਸਵੈ ਸੇਵੀ ਸੰਸਥਾਵਾਂ ਦਾ ਸਹਿਯੋਗ ਲੈਣ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਨਿਰੰਤਰ ਸ਼ਹਿਰ ਦੀ ਸਫਾਈ ਆਦਿ ਪ੍ਰਬੰਧਾਂ ਨੂੰ ਖੁਦ ਚੈਕ ਕਰਦੇ ਰਹਿਣਗੇ ਅਤੇ ਇਸ ਕੰਮ ਵਿਚ ਕੁਤਾਹੀ ਵਰਤਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸ ਡੀ ਐਮ ਸ ਪਰਮਦੀਪ ਸਿੰਘ ਖਹਿਰਾ, ਕਾਰਜ ਸਾਧਕ ਅਫਸਰ ਨਗਰ ਕੌਂਸਲ ਫਰੀਦਕੋਟ ਸ੍ਰੀ ਅੰਮ੍ਰਿਤ ਲਾਲ,ਐਮ ਈ ਰਾਕੇਸ਼ ਕੰਬੋਜ਼, ਸ੍ਰੀ ਜਵਾਹਰ ਲਾਲ ਕਾਰਜ ਸਾਧਕ ਅਫਸਰ ਨਗਰ ਸੁਧਾਰ ਟਰੱਸਟ ਫਰੀਦਕੋਟ, ਕਾਰਜਕਾਰੀ ਸਕੱਤਰ ਰੈਡ ਕਰਾਸ ਸ ਸੁਭਾਸ਼ ਕੁਮਾਰ, ਕਾਰਜਕਾਰੀ ਇੰਜੀਨੀਅਰ ਬਿਜਲੀ ਬੋਰਡ ਸ੍ਰੀ ਮਨਦੀਪ ਸਿੰਘ ਸੰਧੂ, ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਸ੍ਰੀ ਰਵਿੰਦਰ ਕੁਮਾਰ, ਸ੍ਰੀ ਮਹਿੰਦਰਪਾਲ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।