ਨਵਾਂ ਸ਼ਹਿਰ, 19 ਮਾਰਚ,2019: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਮਤਦਾਤਾ ਚੇਤਨਾ ਦਾ ਨਿਵੇਕਲਾ ਢੰਗ ਅਪਣਾਉਂਦਿਆਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟ੍ਰਾਂਸਜੈਂਡਰ (ਤੀਸਰਾ ਲਿੰਗ) ਮਤਦਾਤਾਵਾਂ ਨੂੰ ਨਾਲ ਲੈ ਕੇ ਬਾਜ਼ਾਰ ’ਚ ਜਾਗਰੂਕਤਾ ਮਾਰਚ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਜ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨੁਪਮ ਕਲੇਰ ਜੋ ਕਿ ਸਵੀਪ ਗਤੀਵਿਧੀਆਂ ਵਾਸਤੇ ਜ਼ਿਲ੍ਹੇ ਦੇ ਨੋਡਲ ਅਫ਼ਸਰ ਵੀ ਹਨ, ਨੇ ਦੱਸਿਆ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਸਮਾਜ ਦੇ ਹਰੇਕ ਵਰਗ ਨੂੰ ਮਤਦਾਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਪਹਿਲ ਸਮਾਜ ਦੇ ਉਨ੍ਹਾਂ ਵਰਗਾਂ ਨੂੰ ਦਿੱਤੀ ਜਾ ਰਹੀ ਹੈ ਜੋ ਕਿ ਆਪਣੇ ਆਪ ਨੂੰ ਸਮਾਜ ਦਾ ਹਿੱਸਾ ਹੁੰਦੇ ਹੋਏ ਵੀ ਅਣਗੋਲੇ ਮਹਿਸੂਸ ਕਰਦੇ ਹਨ। ਅੱਜ ਦਾ ਟ੍ਰਾਂਸਜੈਂਡਰ ਮਤਦਾਤਾਵਾਂ ਦਾ ਚੇਤਨਾ ਮਾਰਚ ਇਸ ਲੜੀ ਦਾ ਹਿੱਸਾ ਹੈ ਤਾਂ ਜੋ ਲੋਕਤੰਤਰ ’ਚ ਹਰ ਇੱਕ ਨੂੰ ਆਪਣੀ ਵੋਟ ਦੀ ਮਹੱਤਤਾ ਦਾ ਪਤਾ ਲੱਗੇ। ਉਨ੍ਹਾਂ ਕਿਹਾ ਕਿ ਭਾਵੇਂ ਇਹ ਵਰਗ ਹਰ ਵਾਰ ਆਪਣੀ ਵੋਟ ਪਾਉਂਦਾ ਹੈ ਪਰ ਜੇਕਰ ਇਹ ਲੋਕ ਸਮਾਜ ਦੇ ਦੂਸਰੇ ਲੋਕਾਂ ਨੂੰ ਪ੍ਰੇਰਨ ਲਈ ਅਜਿਹੀਆਂ ਗਤੀਵਿਧੀਆਂ ਕਰਦੇ ਹਨ ਤਾਂ ਇਸ ਦਾ ਸਮਾਜ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 17 ਅਜਿਹੇ ਮਤਦਾਤਾ ਸ਼ਨਾਖਤ ਕੀਤੇ ਗਏ ਹਨ ਜਦਕਿ ਇਨ੍ਹਾਂ ਦੀ ਸਹਾਇਤਾ ਨਾਲ ਅਜਿਹੇ ਹੋਰ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਵੀ ਮਤਦਾਤਾ ਬਣਾਉਣ ਦੀ ਮੁਹਿੰਮ ਚਲਾਈ ਜਾਵੇਗੀ। ਇਨ੍ਹਾਂ ਟ੍ਰਾਂਸਜੈਂਡਰ ਵੋਟਰਾਂ ਨੂੰ ਜਾਗਰੂਕਤਾ ਦੇ ਪਹਿਲੇ ਪੜਾਅ ਤਹਿਤ ਸੁਵਿਧਾ ਕੇਂਦਰ ਵਿਖੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ ਜੋੜੇ ਗਏ ਵੀ ਵੀ ਪੀ ਏ ਟੀ ਬਾਰੇ ਵੀ ਦੱਸਿਆ ਗਿਆ ਅਤੇ ਉਨ੍ਹਾਂ ਪਾਸੋਂ ਮੋਕ ਪੋਲ ਕਰਵਾ ਕੇ, 7 ਸਕਿੰਟ ਲਈ ਵੀ ਵੀ ਪੀ ਏ ਟੀ ਦੀ ਸਕ੍ਰੀਨ ’ਤੇ ਦਿਖਾਈ ਦਿੰਦੇ ਆਪਣੇ ਪਸੰਦੀਦਾ ਉਮੀਦਵਾਰ/ਚੋਣ ਨਿਸ਼ਾਨ ਨੂੰ ਵੋਟ ਪਾਉਣ ਦੇ ਪ੍ਰਮਾਣ ਨੂੰ ਵੀ ਦਿਖਾਇਆ ਗਿਆ।
ਇਸ ਤੋਂ ਬਾਅਦ ਇਨ੍ਹਾਂ ਵੋਟਰਾਂ ਪਾਸੋਂ ਸੁਵਿਧਾ ਕੇਂਦਰ ’ਚ ਲਾਏ ਗਏ ਵੋਟਰ ਹਸਤਾਖਰ ਜਾਗਰੂਕਤਾ ਮੁਹਿੰਮ ਦੇ ਫਲੈਕਸ ’ਤੇ 19 ਮਈ ਨੂੰ ਮਤਦਾਨ ਕਰਨ ਦੇ ਪ੍ਰਣ ਨੂੰ ਦੁਹਰਾਉਂਦੇ ਹੋਏ ਦਸਤਖਤ ਕਰਵਾਏ ਗਏ।
ਬਾਅਦ ’ਚ ਟ੍ਰਾਂਸਜੈਂਡਰ ਵੋਟਰਾਂ ਦੇ ਅਤੇ ਆਈ ਟੀ ਆਈ ਦੇ ਵਿਦਿਆਰਥੀਆਂ ਦੇ ਵੋਟਰ ਜਾਗਰੂਕਤਾ ਮਾਰਚ ਨੂੰ ਬਾਰਾਂਦਰੀ ਗਾਰਡਨ ਲਈ ਰਵਾਨਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਅੱਜ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਸਮਾਜ ਦੇ ਉਸ ਵਰਗ ਨੂੰ ਉਨ੍ਹਾਂ ਦੀਆਂ ਵੋਟਾਂ ਦੀ ਮਹੱਤਤਾ ਦਾ ਅਹਿਸਾਸ ਕਰਵਾ ਰਹੇ ਹਨ, ਜਿਸ ਨੂੰ ਹੁਣ ਤੱਕ ਅਣਗੌਲਿਆਂ ਹੀ ਸਮਝਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਇੱਕ-ਇੱਕ ਵੋਟ ਦਾ ਮਹੱਤਵ ਹੈ ਅਤੇ ਹਰ ਇੱਕ ਵੋਟਰ ਵੱਲੋਂ ਕੀਤਾ ਮਤਦਾਨ ਹੀ ਲੋਕਤੰਤਰ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਟ੍ਰਾਂਸਜੈਂਡਰ ਮਤਦਾਤਾ ਆਪਣੇ ਉਪਰਾਲਿਆਂ ਨਾਲ ਹੋਰਨਾਂ ਲੋਕਾਂ ਨੂੰ ਵੀ ਮਤਦਾਤਾ ਬਣਨ ਅਤੇ ਮਤਦਾਨ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਦੱਸਿਆ ਕਿ ਮਹੰਤ ਪ੍ਰੀਤੀ ਨੂੰ ਜ਼ਿਲ੍ਹਾ ਚੋਣ ਦਫ਼ਤਰ ਦਾ ਆਈਕੋਨ ਵੀ ਬਣਾਇਆ ਗਿਆ ਹੈ।
ਬਾਰਾਂਦਰੀ ਗਾਰਡਨ ਪੁੱਜੇ ਇਸ ਚੇਤਨਾ ਮਾਰਚ ਨੂੰ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਰਿਫ਼੍ਰੈਸ਼ਮੈਂਟ ਦਿੱਤੀ ਗਈ ਅਤੇ ਉਨ੍ਹਾਂ ਦਾ ਚੇਤਨਾ ਮਾਰਚ ਦਾ ਹਿੱਸਾ ਬਣਨ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿਖਿਆ ਅਫ਼ਸਰ ਹਰਚਰਨ ਸਿੰਘ, ਚੋਣ ਤਹਿਸੀਲਦਾਰ ਹਰੀਸ਼ ਕੁਮਾਰ, ਕਾਨੂੰਗੋ ਦੀਪਕ ਕੁਮਾਰ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਡਾ. ਸੁਰਿੰਦਰ ਪਾਲ ਅਗਨੀਹੋਤਰੀ, ਲੈਕਚਰਾਰ ਸੰਜੀਵ ਦੁੱਗਲ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਗਤ ਰਾਮ, ਆਈ ਟੀ ਆਈ ਦੇ ਇੰਸਟ੍ਰੱਕਟਰ ਓਂਕਾਰ ਸਿੰਘ ਤੇ ਗਰੁੱਪ ਇੰਸਟ੍ਰੱਕਟਰ ਦਿਲਬਾਗ ਸਿੰਘ ਤੋਂ ਇਲਾਵਾ ਮਹੰਤ ਪ੍ਰੀਤੀ ਦੀ ਅਗਵਾਈ ’ਚ ਰਾਹੋਂ, ਬੰਗਾ, ਜਾਡਲਾ, ਬਲਾਚੌਰ, ਨਵਾਂਸ਼ਹਿਰ ਸਮੇਤ ਜ਼ਿਲ੍ਹੇ ਦੇ ਸਮੂਹ ਟ੍ਰਾਂਸਜੈਂਡਰ ਵੋਟਰ ਅਤੇ ਆਈ ਟੀ ਆਈ ਦੇ ਵਿਦਿਆਰਥੀ ਮੌਜੂਦ ਸਨ।