ਵਿਧਾਇਕ ਰਣਦੀਪ ਸਿੰਘ।
ਅਮਲੋਹ, 16 ਮਾਰਚ (ਦੀਦਾਰ ਗੁਰਨਾ )-ਪੰਜਾਬ ਸਰਕਾਰ ਦੇ ਦੋ ਸਾਲ ਪੂਰੇ ਹੋਣ ਤੇ ਹਲਕਾ ਅਮਲੋਹ ਦੇ ਵਿਧਾਇਕ ਰਣਦੀਪ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਸਰਕਾਰ ਦੀ ਕਾਰਗੁਜ਼ਾਰੀ ਤੋਂ ਹਰ ਵਰਗ ਖ਼ੁਸ਼ ਹੈ ਜਿਸ ਕਾਰਨ ਹੀ ਨਗਰ ਕੌਂਸਲ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਮਿਲੀ ਹੂੰਝਾ ਫੇਰ ਜਿੱਤ ਹੈ। ਵਿਧਾਇਕ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਦੋ ਲੱਖ ਤੱਕ ਦੇ ਕਰਜ਼ੇ ਮਾਫ਼ ਕੀਤੇ, ਬੇਰੁਜ਼ਗਾਰ ਨੌਜਵਾਨਾਂ ਨੂੰ ਜਿੱਥੇ ਨੌਕਰੀਆਂ ਦੇਣ ਲਈ ਰੁਜ਼ਗਾਰ ਮੇਲੇ ਲਗਾਏ ਉੱਥੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਗਈ ਜਿਸ ਦੇ ਮੁਕਾਬਲੇ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 10 ਸਾਲ ਦੇ ਕਾਰਜ ਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਆਪਣੀਆਂ ਤਜੌਰੀਆਂ ਭਰਨ ਨੂੰ ਤਰਜੀਹ ਦਿੱਤੀ ਅਤੇ ਪੰਜਾਬ ਦੇ ਉਦਯੋਗ ਨੂੰ ਤਬਾਹ ਕਰਕੇ ਰੱਖ ਦਿੱਤਾ। ਉਨ੍ਹਾਂ ਅਕਾਲੀ ਦਲ ਵਲੋਂ ਅੱਜ ਮਨਾਏ ਜਾ ਰਹੇ ਵਿਸ਼ਵਾਸਘਾਤ ਦਿਵਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਭਾਰਤ ਦੀ ਜਨਤਾ ਨਾਲ ਪੰਜ ਸਾਲ ਵਿਸ਼ਵਾਸਘਾਤ ਕੀਤਾ ਉਸ ਦੇ ਖ਼ਿਲਾਫ਼ ਵੀ ਪ੍ਰਦਰਸ਼ਨ ਕਰਨ ਕਿਉਂਕਿ ਸ੍ਰੀ ਮੋਦੀ ਨੇ ਨਾ ਹੀ 15 ਲੱਖ ਖਾਤਿਆਂ ਵਿਚ ਪਾਏ ਤੇ ਨਾ ਹੀ ਹਰ ਸਾਲ ਦੋ ਕਰੋੜ ਨੌਕਰੀਆਂ ਦਿੱਤੀਆਂ ਉਲਟਾ ਤੁਗ਼ਲਕੀ ਫ਼ਰਮਾਨ ਦੇ ਕਿ ਰਾਤੋਂ ਰਾਤ ਨੋਟਬੰਦੀ ਕਰਕੇ ਜਨਤਾ ਨੂੰ ਸੜਕਾਂ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਅਤੇ ਜੀ.ਐਸ.ਟੀ. ਨਾਲ ਉਦਯੋਗ ਨੂੰ ਖ਼ਤਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਗ਼ਲਤ ਨੀਤੀਆਂ ਕਾਰਨ ਬੇਰੁਜ਼ਗਾਰੀ ਵਿਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਦੀਆਂ ਨੀਤੀਆਂ ਤੋਂ ਭਲੀ ਭਾਂਤ ਜਾਣੂ ਹਨ ਅਤੇ ਆਉਣ ਵਾਲੇ ਸਮੇਂ ਵਿਚ ਦੇਸ਼ ਵਿਚ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਰਕਾਰ ਬਣੇਗੀ।