ਐਸ.ਪੀ. (ਓਪਰੇਸ਼ਨ) ਸ਼੍ਰੀ ਦਿਗਵਿਜੈ ਕਪਿਲ ਪੁਲੀਸ ਕਰਮਚਾਰੀਆਂ ਨੂੰ ਅਚਨਚੇਤੀ ਚੈਕਿੰਗ ਤੋਂ ਪਹਿਲਾਂ ਦਿਸ਼ਾ-ਨਿਰਦੇਸ਼ ਦਿੰਦੇ ਹੋਏ।
ਫ਼ਤਹਿਗੜ੍ਹ ਸਾਹਿਬ, 18 ਮਾਰਚ(ਦੀਦਾਰ ਗੁਰਨਾ ) ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਸਭਾ ਚੋਣਾਂ ਦੇ ਮੱਦੇਨਜ਼ਰ ਫ਼ਤਹਿਗੜ੍ਹ ਸਾਹਿਬ ਪੁਲੀਸ ਨੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰਨਾਂ ਜਨਤਕ ਥਾਵਾਂ 'ਤੇ ਅਚਨਚੇਤੀ ਚੈਕਿੰਗ ਕੀਤੀ। ਚੈਕਿੰਗ ਤੋਂ ਪਹਿਲਾਂ ਐਸ.ਪੀ. (ਓਪਰੇਸ਼ਨ) ਸ਼੍ਰੀ ਦਿਗਵਿਜੈ ਕਪਿਲ ਅਤੇ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ਼੍ਰੀ ਰਮਿੰਦਰ ਸਿੰਘ ਕਾਹਲੋਂ ਵੱਲੋਂ ਪੁਲੀਸ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਤਾਂ ਜੋ ਚੈਕਿੰਗ ਦਾ ਕੰਮ ਤਸੱਲੀਬਖ਼ਸ਼ ਢੰਗ ਨਾਲ ਨੇਪਰੇ ਚੜ੍ਹ ਸਕੇ। ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭੈੜੇ ਅਨਸਰਾਂ 'ਤੇ ਖ਼ਾਸ ਨਿਗਾਹ ਰੱਖੀ ਜਾ ਰਹੀ ਹੈ ਤਾਂ ਜੋ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਿਆ ਜਾ ਸਕੇ ਅਤੇ ਲੋਕ ਸਭਾ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹ ਸਕਣ। ਉਨ੍ਹਾਂ ਦੱਸਿਆ ਕਿ ਪੁਲੀਸ ਜਨਤਕ ਥਾਵਾਂ ਦੀ ਅਚਨਚੇਤੀ ਚੈਕਿੰਗ ਨੂੰ ਨਿਰੰਤਰ ਜਾਰੀ ਰੱਖੇਗੀ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਮਾੜੇ ਅਨਸਰਾਂ ਸਬੰਧੀ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਇਸ ਬਾਰੇ ਤੁਰੰਤ ਨੇੜਲੇ ਥਾਣੇ ਨੂੰ ਸੂਚਿਤ ਕਰਨ ਤਾਂ ਜੋ ਅਜਿਹੇ ਅਨਸਰਾਂ ਨੂੰ ਮੌਕੇ 'ਤੇ ਹੀ ਕਾਬੂ ਕੀਤਾ ਜਾ ਸਕੇ।