ਪਟਿਆਲਾ, 20 ਫਰਵਰੀ 2019 (ਜੀ ਐੱਸ ਪੰਨੂ): ਪਟਿਆਲਾ ਹੈਰੀਟੇਜ ਉਤਸਵ ਮੌਕੇ ਪੁਰਾਤਨ ਬਾਰਾਂਦਰੀ ਬਾਗ ਵਿਖੇ ਫੁੱਲਾਂ ਦੀ ਵਿਲੱਖਣ ਪ੍ਰਦਰਸ਼ਨੀ ਲਗਾਈ ਗਈ ਜਾ ਰਹੀ ਹੈ ਜਿਸ ਵਿੱਚ ਕੋਈ ਵੀ ਵਿਅਕਤੀ ਪ੍ਰਦਰਸ਼ਨੀ ਲਈ ਆਪਣੀਆਂ ਐਂਟਰੀਆਂ ਦੇ ਸਕਦਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਬਾਰਾਂਦਰੀ ਬਾਗ ਵਿਖੇ ਲੱਗਣ ਵਾਲੀ ਫੁੱਲਾਂ ਦੀ ਪ੍ਰਦਰਸ਼ਨੀ ਵਿੱਚ ਫੁੱਲਾਂ ਦੇ ਸ਼ੌਕੀਨ ਆਪਣੇ ਫੁੱਲਾਂ ਦੀ ਐਂਟਰੀ ਕਰਵਾਕੇ ਇਨਾਮ ਪ੍ਰਾਪਤ ਕਰ ਸਕਦੇ ਹਨ।
ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਇਸ ਫਲਾਵਰ ਸ਼ੋਅ ਵਿੱਚ 21 ਫਰਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਐਂਟਰੀਆਂ ਕਰਵਾਈਆਂ ਜਾ ਸਕਦੀ ਹਨ ਅਤੇ ਉਸ ਤੋਂ ਬਾਅਦ 3 ਵਜੇ ਤੋਂ 5 ਵਜੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਜੱਜਾਂ ਵੱਲੋਂ ਨਤੀਜੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਥਾਨ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ 22 ਫਰਵਰੀ ਨੂੰ 12 ਵਜੇ ਇਨਾਮ ਤਕਸੀਮ ਕੀਤੇ ਜਾਣਗੇ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਫਲਾਵਰ ਸ਼ੋਅ ਵਿੱਚ ਕੱਟ ਫਲਾਵਰ, ਫਲਾਵਰ ਪੋਟਸ, ਫਲਾਵਰ ਆਰਨਾਮੈਂਟਸ, ਡਰਾਈ ਫਲਾਵਰ ਅਰੈਜਮੈਂਟ, ਕੈਕਟਸ, ਬੋਨਸਾਈ ਪਲਾਂਟਸ, ਬੋਗਨਵਿਲੀਆ ਅਤੇ ਕਰੋਟੋਨ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਅ ਕਿ ਇਸ ਸ਼ੋਅ ਵਿੱਚ ਤਕਰੀਬਨ ਦੋ ਹਜ਼ਾਰ ਐਂਟਰੀਆਂ ਪ੍ਰਾਪਤ ਹੋਣਗੀਆਂ। ਡਾ. ਮਾਨ ਨੇ ਦੱਸਿਆ ਕਿ ਇਸ ਸ਼ੋਅ ਦਾ ਮਕਸਦ ਜਿਮੀਂਦਾਰਾਂ ਅਤੇ ਆਮ ਲੋਕਾਂ ਨੂੰ ਫੁੱਲਾਂ ਦੀ ਕਾਸ਼ਤ ਪ੍ਰਤੀ ਪ੍ਰੇਰਿਤ ਕਰਨਾ ਅਤੇ ਵਾਤਾਵਰਣ ਨੂੰ ਸੁੰਦਰ ਬਣਾਉਣਾ ਹੈ। ਉਨ੍ਹਾਂ ਆਮ ਲੋਕਾਂ ਨੂੰ ਇਸ ਪ੍ਰਤੀਯੋਗਤਾ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ।